‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਡੇ ਪੁਰਾਣੇ ਬਜ਼ੁਰਗ ਆਪਣੇ ਕੰਨਾਂ ਵਿੱਚ ਨੱਤੀਆਂ ਪਾ ਕੇ ਰੱਖਦੇ ਹਨ। ਇਸਦਾ ਵੀ ਇੱਕ ਇਤਿਹਾਸ ਹੈ, ਜੋ ਇਤਿਹਾਸ ਦੇ ਪੰਨਿਆਂ ਵਿੱਚ ਕਦੇ ਫਰੋਲਿਆ ਨਹੀਂ ਗਿਆ।
ਜਿਸ ਵੇਲੇ ਸਿੱਖਾਂ ਨੂੰ ਗੁਰਦਾਸ ਨੰਗਲ ਦੀ ਗੜੀ ‘ਚੋਂ ਗ੍ਰਿਫਤਾਰ ਕਰਕੇ ਦਿੱਲੀ ਵੱਲ ਨੂੰ ਲਿਜਾਇਆ ਜਾ ਰਿਹਾ ਸੀ। ਸਰਹਿੰਦ ਦੇ ਕੋਲ ਕਮਰੂਦੀਨ ਜ਼ਕਰੀਆ ਖਾਨ ਨੂੰ ਸਵਾਲ ਕਰਦਾ ਹੈ ਕਿ ਕੈਦੀ ਬੜੇ ਥੋੜ੍ਹੇ ਹਨ। ਫਰੁੱਖਸੀਅਰ ਕੀ ਕਹੇਗਾ ਕਿ ਸਾਢੇ 300 ਸਿੱਖ 60 ਹਜ਼ਾਰ ਫੌਜ ਦੇ ਘੇਰੇ ਨਾਲ ਸਿਰਫ ਇੰਨੇ ਕੁ ਸਿੱਖ 8 ਮਹੀਨੇ ਲੜਦੇ ਰਹੇ। ਫਿਰ ਜ਼ਕਰੀਆ ਖਾਨ ਨੇ ਕਿਹਾ ਕਿ ਕੀ ਕੀਤਾ ਜਾਵੇ ਤਾਂ ਉਹ ਕਹਿੰਦਾ ਕਿ ਜਨਕਤ ਤੌਰ ‘ਤੇ ਐਲਾਨ ਕਰ ਦਿਉ ਕਿ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਮਿਲ ਜਾਵੇ, ਉਸਨੂੰ ਕਤਲ ਕਰ ਦੇਵੋ। ਉਸ ਵੇਲੇ ਸਿੱਖ ਦੇ ਸਿਰ ਦੀ ਕੀਮਤ 9 ਰੁਪਏ ਤੋਂ ਲੈ ਕੇ 16 ਰੁਪਏ ਰੱਖੀ ਗਈ।
ਉਸਦੇ ਕਰਿੰਦਿਆਂ ਨੇ ਦੋ-ਤਿੰਨ ਕੁੜੀਆਂ ਦੇ ਸਿਰ ਵੀ ਵੱਢ ਲਿਆਂਦੇ। ਕਮਰੂਦੀਨ ਨੇ ਇਸਦਾ ਵਿਰੋਧ ਕਰਦਿਆਂ ਕਿਹਾ ਕਿ ਬੱਚੀ ਦਾ ਸਿਰ ਵੱਢਣਾ ਇਸਲਾਮਿਕ ਸ਼ਰ੍ਹਾ ਦੀ ਵਿਰੋਧਤਾ ਹੈ। ਸਿਰ ਪਛਾਣੇ ਜਾਣ ‘ਤੇ ਜਿਨ੍ਹਾਂ ਨੇ ਇਹ ਸਿਰ ਵੱਢ ਕੇ ਲਿਆਂਦੇ ਸਨ, ਉਨ੍ਹਾਂ ਨੂੰ ਪੈਸੇ ਵੀ ਨਹੀਂ ਮਿਲੇ।
ਪੰਜਾਬ ਦੇ ਪਿੰਡਾਂ ਵਿੱਚ ਇਹ ਗੱਲ ਫੈਲ ਗਈ ਕਿ ਮੁਸਲਮਾਨ ਕੁੜੀ ਦਾ ਸਿਰ ਵੱਢਿਆ ਸਵੀਕਾਰ ਨਹੀਂ ਕਰਦੇ। ਕੁੱਝ ਡਰਪੋਕ ਲੋਕਾਂ ਨੇ, ਜਿਨ੍ਹਾਂ ਦੇ ਅਜੇ ਦਾਹੜੀਆਂ ਨਹੀਂ ਆਈਆਂ ਸਨ, ਉਨ੍ਹਾਂ ਨੇ ਆਪਣੇ ਕੰਨਾਂ ਵਿੱਚ ਨੱਤੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਕੁੜੀ ਸਮਝ ਕੇ ਇਨ੍ਹਾਂ ਦੀ ਜਾਨ ਬਚੀ ਰਹੇ। ਕੰਨਾਂ ਵਿੱਚ ਨੱਤੀਆਂ ਪਾਉਣਾ ਕੋਈ ਧਾਰਮਿਕ ਪਰੰਪਰਾ ਨਹੀਂ ਸੀ, ਇਹ ਪਰੰਪਰਾ ਤਾਂ ਇੱਥੋਂ ਹੋਂਦ ਵਿੱਚ ਆਈ ਹੈ। ਮੁਸਲਮਾਨਾਂ ਤੋਂ ਆਪਣੀ ਜਾਨ ਬਚਾਉਣ ਲਈ ਲੋਕਾਂ ਨੇ ਆਪਣੇ ਕੰਨਾਂ ਵਿੱਚ ਨੱਤੀਆਂ ਪਾਉਣੀਆਂ ਸ਼ੁਰੂ ਕੀਤੀਆਂ ਸਨ। ਇਹ ਕੋਈ ਧਾਰਮਿਕ ਪਰੰਪਰਾ ਨਹੀਂ ਹੈ, ਸਾਡੀ ਮਰਿਯਾਦਾ ਤਾਂ ਕੰਨ, ਨੱਕ ਛੇਦੇ ਜਾਣ ਦੀ ਵਿਰੋਧਤਾ ਕਰਦੀ ਹੈ। ਅੱਜ ਵੀ ਬਹੁਤ ਸਾਰੇ ਜੋਗੀ, ਸਾਧੂ ਆਪਣੇ ਕੰਨਾਂ ਵਿੱਚ ਨੱਤੀਆਂ ਪਾ ਕੇ ਰੱਖਦੇ ਹਨ।