‘ਦ ਖ਼ਾਲਸ ਬਿਊਰੋ :- ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਨੇ ਆਪਣਾ ਆਖਰੀ ਪੰਜਾਬ ਦਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਪੇਸ਼ ਕਰਦਿਆਂ ਔਰਤਾਂ ਲਈ ਕਈ ਅਹਿਮ ਐਲਾਨ ਕੀਤੇ ਹਨ।
ਔਰਤਾਂ ਲਈ ਬਜਟ ਵਿੱਚ ਕੀਤੇ ਗਏ ਅਹਿਮ ਐਲਾਨ
• ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਕਿਰਾਇਆ ਮੁਆਫ ਹੋਵੇਗਾ। ਸਰਕਾਰੀ ਕਾਲਜਾਂ ਦੇ ਵਿਦਿਆਰਥੀ ਵੀ ਬੱਸਾਂ ਵਿੱਚ ਮੁਫਤ ਸਫਰ ਕਰ ਸਕਣਗੇ।
• 50 ਜ਼ਿਲ੍ਹਿਆਂ ਵਿੱਚ ਵਰਕਿੰਗ ਵੁਮੈਨ ਹੋਸਟਲ ਬਣਾਏ ਜਾਣਗੇ।
• 6ਵੀਂ ਤੋਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦਿੱਤੇ ਜਾ ਰਹੇ ਹਨ।
• ‘ਇੰਟੀਗਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ’ ਲਈ ਲਗਭਗ 12 ਲੱਖ ਬੱਚਿਆਂ ਅਤੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਪੂਰਕ ਪੋਸ਼ਣ ਪ੍ਰਦਾਨ ਕਰਨ ਲਈ 825 ਕਰੋੜ ਰੁਪਏ ਜਾਰੀ ਕੀਤੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮਾਂਤਰੀ ਔਰਤ ਦਿਹਾੜੇ ਮੌਕੇ ਐਲਾਨ ਕਰਦਿਆਂ ਕਿਹਾ ਕਿ ਔਰਤਾਂ ਲਈ 8 ਨਵੀਆਂ ਯੋਜਨਾਵਾਂ ਸ਼ੁਰੂ ਕਰਨ ਵਾਲੇ ਹਨ। ਕੈਪਟਨ ਨੇ ਟਵਿੱਟਰ ਹੈਂਡਲ ‘ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ, “ਅਸੀਂ ਛੇਤੀ ਹੀ ਔਰਤਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਲਈ 2047 ਔਰਤ ਅਧਿਆਪਕਾਂ ਲਈ ਨਿਯੁਕਤੀ ਪੱਤਰ, 181 ਸਾਂਝ ਸ਼ਕਤੀ ਹੈਲਪਲਾਈਨ ਅਤੇ ਪੁਲਿਸ ਹੈਲਪਡੈਸਕ ਸਣੇ ਔਰਤਾਂ ਲਈ 8 ਯੋਜਨਾਵਾਂ ਲੈ ਕੇ ਆ ਰਹੇ ਹਾਂ।”