ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਵਿਧਾਨ ਸਭਾ ਦੇ ਸਪੀਕਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਅਸਤੀਫ਼ਾ ਮਨਜ਼ੂਰੀ ਦੀ ਤਰੀਕ 30 ਮਈ ਪਾਈ ਗਈ ਹੈ। ਯਾਨੀ ਵੋਟਿੰਗ ਤੋਂ ਠੀਕ 2 ਦਿਨ ਪਹਿਲਾਂ। ਸਪੀਕਰ ਨੇ ਕਿਹਾ ਜਦੋਂ ਮੈਂ ਅਸਤੀਫ਼ਾ ਵੇਖਿਆ ਅਤੇ ਮੀਡੀਆ ਵਿੱਚ ਉਨ੍ਹਾਂ ਨੇ ਕਿਹਾ ਮੈਂ ਅਸਤੀਫ਼ਾ ਦਿੱਤਾ ਹੈ ਤਾਂ ਮੈਂ ਉਸ ਨੂੰ ਮਨਜ਼ੂਰ ਕਰ ਲਿਆ ਹੈ।
ਦਰਅਸਲ ਛੁੱਟੀਆਂ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹੁਣ ਦੱਸਿਆ ਗਿਆ ਹੈ, ਇਸੇ ਲਈ ਉਨ੍ਹਾਂ ਅੱਜ ਦੱਸਣ ਦੇ ਲਈ ਬੁਲਾਇਆ ਗਿਆ ਸੀ। ਸਪੀਕਰ ਨੇ ਕਿਹਾ ਵੈਸੇ ਸ਼ੀਤਲ ਅੰਗੁਰਾਲ ਤੇ ਐਂਟੀ ਡਿਫੈਕਸ਼ਨ ਲਾਅ ਦੇ ਮੁਤਾਬਿਕ ਵੀ ਕਾਰਵਾਈ ਹੋ ਸਕਦੀ ਸੀ ਪਰ ਉਨ੍ਹਾਂ ਨੇ ਆਪ ਹੀ ਅਸਤੀਫ਼ਾ ਦੇ ਦਿੱਤਾ ਸੀ।
ਬੀਤੇ ਦਿਨ ਆਪਣਾ ਅਸਤੀਫ਼ਾ ਵਾਪਸ ਲੈਣ ਤੋਂ ਬਾਅਦ ਅੱਜ ਹੀ ਸ਼ੀਤਲ ਅੰਗੁਰਾਲ ਪੰਜਾਬ ਵਿਧਾਨਸਭਾ ਦੇ ਸਕੱਤਰੇਤ ਵਿੱਚ ਆਪਣਾ ਜਵਾਬ ਦੇਣ ਪਹੁੰਚੇ ਸਨ। ਵਿਧਾਨਸਭਾ ਦੇ ਸਕੱਤਰੇਤ ਨੂੰ ਸੌਂਪੇ ਆਪਣੇ ਜਵਾਬ ਵਿੱਚ ਸ਼ੀਤਰ ਅੰਗੁਰਾਲ ਨੇ ਕਿਹਾ ਹੈ ਕਿ ਮੈਂ ਨਹੀਂ ਦੱਸ ਸਕਦਾ ਹਾਂ ਕਿ ਮੈਂ ਇਸ ਵੇਲੇ ਬੀਜੇਪੀ ਵਿੱਚ ਹਾਂ ਜਾਂ ਨਹੀਂ।
ਸ਼ੀਤਲ ਨੇ ਕਿਹਾ ਸੀ ਜੇ ਮੇਰੇ ਨਾਲ ਧੱਕਾ ਹੋਇਆ ਤਾਂ ਮੈਂ ਹਾਈਕੋਰਟ ਜਾਵਾਂਗਾ। ਮੈਨੂੰ ਲੋਕਾਂ ਨੇ ਵਿਧਾਇਕ ਬਣਾਇਆ ਹੈ ਕਿਸੇ ਪਾਰਟੀ ਨੇ ਨਹੀਂ ਬਣਾਇਆ ਹੈ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮੈਂ ਬੀਜੇਪੀ ਦੇ ਕਿਸੇ ਅਹੁਦੇ ’ਤੇ ਨਹੀਂ ਹਾਂ। ਬੀਤੇ ਦਿਨ ਸ਼ੀਤਲ ਅੰਗੁਰਾਲ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ਤੋਂ ਮੋਦੀ ਦਾ ਪਰਿਵਾਰ ਦਾ ਟੈਗ ਵੀ ਹਟਾ ਦਿੱਤਾ ਸੀ।
ਸ਼ੀਤਲ ਅੰਗੁਰਾਲ ਜਦੋਂ ਬੀਜੇਪੀ ਵਿੱਚ ਸ਼ਾਮਲ ਹੋਏ ਸਨ ਤਾਂ ਇਲਜ਼ਾਮ ਲਗਾਇਆ ਸੀ ਕਿ ਜਾਣ ਬੁਝ ਕੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ। ਦਰਅਸਲ ਸ਼ੀਤਲ ਲੋਕ ਸਭਾ ਦੇ ਨਾਲ ਬੀਜੇਪੀ ਦੀ ਟਿਕਟ ਤੋਂ ਵਿਧਾਨਸਭਾ ਦੀ ਚੋਣ ਲੜਨਾ ਚਾਹੁੰਦੇ ਸਨ, ਪਰ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਸੀ ਕਿ ਨਿਯਮਾਂ ਮੁਤਾਬਿਕ ਉਹ ਸ਼ੀਤਲ ਨੂੰ ਬੁਲਾਉਣਗੇ ਤੇ ਪੁੱਛਣਗੇ ਕਿ ਕਿਸੇ ਦਬਾਅ ਦੀ ਵਜ੍ਹਾ ਕਰਕੇ ਤਾਂ ਉਹ ਅਸਤੀਫ਼ਾ ਨਹੀਂ ਦੇ ਰਹੇ ਹਨ।