Punjab

ਸਪੇਨ ਦਾ ਰੈਜ਼ੀਡੈਂਸੀਆ ਕਾਰਡ ਹੋਣ ਦੇ ਬਾਵਜੂਦ ਵੀ ਕਿਉਂ ਨਹੀਂ ਜਾ ਸਕਦੇ ਸਪੇਨ!

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਕੋਵਿਡ-19 ਮਹਾਂਮਾਰੀ ਕਰਕੇ ਬਹੁਤ ਸਾਰੇ NRI ਵਾਪਸ ਬਾਹਰਲੇ ਮੁਲਕਾਂ ਨੂੰ ਜਾਣ ਲਈ ਤਰਸ ਰਹੇ ਹਨ। ਜੋ ਕਿ ਕੋਰੋਨਾ ਸੰਕਟ ਤੋਂ ਪਹਿਲਾਂ ਜਾਂ ਕੋਰੋਨਾ ਸੰਕਟ ਦੌਰਾਨ ਭਾਰਤ ਵਾਪਸ ਆ ਗਏ ਸਨ। ਪਰ ਹੁਣ ਹਾਲਾਤ ਕੁਝ ਸੁਧਰਨ ਕਾਰਨ ਉਹ ਫਿਰ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ। ਅਜਿਹੇ ਹੀ ਕੁਝ ਲੋਕ ਜਲੰਧਰ ਇਲਾਕੇ ਦੇ ਹਨ। ਜੋ ਕਿ ਪਿਛਲੇ ਲੰਮੇਂ ਸਮੇਂ ਤੋਂ ਸਪੇਨ ਵਿੱਚ ਰਹਿ ਰਹੇ ਸਨ। ਕੋਰੋਨਾ ਸੰਕਟ ਦੌਰਾਨ ਉਹ ਭਾਰਤ ਵਾਪਸ ਪਰਤ ਆਏ ਸਨ, ਪਰ ਹੁਣ ਉਹਨਾਂ ਨੂੰ ਸਪੇਨ ਵਾਪਸ ਜਾਣ ਲਈ ਕੋਈ ਰਾਹ ਨਹੀਂ ਲੱਭ ਰਿਹਾ ਹੈ।

ਇਸਦੀ ਜਾਣਕਾਰੀ ਸਪੇਨ ਤੋਂ ਪਰਤੇ ਸਤਨਾਮ ਸਿੰਘ ਨੇ ਦਿੱਤੀ। ਸਤਨਾਮ ਸਿੰਘ ਤਹਿਸੀਲ ਨਕੋਦਰ ਦੇ ਵਾਸੀ ਹਨ। ਉਹਨਾਂ ਦੱਸਿਆ ਕਿ “ਮੇਰੇ ਕੋਲ ਸਪੇਨ ਦਾ ਪੰਜ ਸਾਲਾ ‘ਰੈਜੀਡੈਂਸੀਆ ਕਾਰਡ’ ਹੈ। ਮੇਰੀ 30 ਮਾਰਚ 2020 ਨੂੰ ਸਪੇਨ ਦੀ ਵਾਪਸੀ ਸੀ, ਪਰ ਲੌਕਡਾਊਨ ਲੱਗਾ ਹੋਣ ਕਾਰਨ ਵਾਪਸ ਨਹੀਂ ਜਾ ਸਕਿਆ”। ਉਨ੍ਹਾਂ ਦੱਸਿਆ ਕਿ “ਮੇਰੀ ਸਪੇਨ ਰੈਜੀਡੈਂਸੀਆ ਦੀ ਤਰੀਕ 24 ਜੂਨ 2020 ਨੂੰ ਖਤਮ ਹੋ ਚੁੱਕੀ ਹੈ ਅਤੇ ਅੰਬੈਸੀ ਬੰਦ ਹੋਣ ਕਾਰਨ ਮੈਂ ਸਪੇਨ ਨਹੀਂ ਜਾ ਸਕਿਆ”।

ਸਤਨਾਮ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨਾਲ ਹੋਰ ਵੀ ਕਈ ਲੋਕ ਸਪੇਨ ਜਾਣ ਵਾਸਤੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ। ਪਰ ਹਾਲੇ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ, ਤਾਂ ਜੋ ਅਸੀਂ ਵਾਪਸ ਸਪੇਨ ਜਾ ਕੇ ਆਪਣੇ ਕੰਮ-ਕਾਰ ਦੇਖ ਸਕੀਏ, ਕਿਉਂਕਿ ਇੱਥੇ ਵਿਹਲੇ ਬੈਠ ਕੇ ਘਰ ਦਾ ਗੁਜ਼ਾਰਾ ਕਰਨਾ ਦਿਨੋ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ।