‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦੌਰ ਵਿਚ ਸੇਵਾ ਕਰਦਿਆਂ ਲੋਕ ਮਨਾਂ ਵਿਚ ਅਸਲੀ ਹੀਰੋ ਦੀ ਥਾਂ ਬਣਾ ਚੁੱਕੇ ਸੋਨੂੰ ਸੂਦ ਤੇ ਲੋਕਾਂ ਦਾ ਭਰੋਸਾ ਇੰਨਾ ਵਧ ਗਿਆ ਹੈ ਕਿ ਲੋਕ ਆਪਣੀ ਸਮੱਸਿਆ ਦੇ ਹਲ ਲਈ ਸੋਨੂੰ ਦੇ ਘਰ ਤੱਕ ਪਹੁੰਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮੁਬੰਈ ਵਿਚ ਤਾਲਾਬੰਦੀ ਲੱਗ ਚੁੱਕੀ ਹੈ, ਫਿਰ ਵੀ ਲੋਕ ਸੋਨੂੰ ਸੂਦ ਦੇ ਘਰ ਮਦਦ ਮੰਗਣ ਜਾ ਰਹੇ ਹਨ।
ਲੰਘੇ ਮੰਗਲਵਾਰ ਨੂੰ ਅੱਧੀ ਰਾਤ ਵੇਲੇ ਕਿਸੇ ਵਿਅਕਤੀ ਨੇ ਬੰਗਲੌਰ ਦੇ ਇਕ ਹਸਪਤਾਲ ਤੋਂ ਮਦਦ ਮੰਗੀ ਸੀ। ਇਸ ਤੋਂ ਕੁੱਝ ਘੰਟਿਆਂ ਬਾਅਦ ਹੀ ਸੋਨੂੰ ਸੂਦ ਨੇ ਆਪਣੀ ਟੀਮ ਨਾਲ ਮਿਲ ਕੇ ਆਕਸੀਜਨ ਦੇ 15 ਸਿਲੰਡਰਾਂ ਦਾ ਬੰਦੋਬਸਤ ਕਰ ਦਿੱਤਾ ਸੀ। ਇਕ ਹੋਰ ਵੀਡਿਓ ਵਾਇਰਲ ਹੋਣ ਬਾਅਦ ਵੀ ਸੋਨੂੰ ਚਰਚਾ ਵਿੱਚ ਆਏ ਸਨ। ਇਸ ਵੀਡਿਓ ਵਿਚ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਆਪਣੇ ਮਾਂ ਬਾਪ ਗੁਆ ਚੁੱਕੇ ਯਤੀਮ ਬੱਚਿਆਂ ਦੀ ਸਿੱਖਿਆ ਦੀ ਜਿੰਮੇਦਾਰੀ ਕੇਂਦਰ ਤੇ ਸੂਬਾ ਸਰਕਾਰ ਨੂੰ ਲੈਣੀ ਚਾਹੀਦੀ। ਇਹ ਕੋਈ ਇਕ ਉਦਾਹਰਣ ਨਹੀਂ ਜਿਸ ਵਿਚ ਸੋਨੂੰ ਸੂਦ ਮਦਦ ਮੌਕੇ ਲੋਕਾਂ ਦੀ ਬਾਂਹ ਫੜਦੇ ਨਜਰ ਆਉਂਦੇ ਹਨ। ਕੋਰੋਨਾ ਦੀ ਮਾਰ ਝੱਲ ਰਹੇ ਪਰਵਾਸੀ ਮਜਦੂਰਾਂ ਲਈ ਸੋਨੂੰ ਪਿਛਲੇ ਸਾਲ ਤੋਂ ਹੀ ਮਸੀਹਾ ਬਣ ਕੇ ਉੱਭਰਿਆ ਹੈ।
ਅੱਧੀ ਰਾਤ ਨੂੰ ਜਾਗਣਾ ਵੀ ਚੰਗਾ ਹੁੰਦਾ ਹੈ…
ਪਿਛਲੇ ਦਿਨੀਂ ਹੈਦਰਾਬਾਦ ਤੋਂ ਮਥੁਰਾ ਅਤੇ ਦੇਹਰਾਦੂਨ ਤੋਂ ਲਖਨਊ, ਸੋਨੂੰ ਆਪਣੀ ਐਨਜੀਓ ਰਾਹੀਂ, ਮਰੀਜ਼ਾਂ ਨੂੰ ਦੇਸ਼ ਭਰ ਦੇ ਆਕਸੀਜਨ ਅਤੇ ਹਸਪਤਾਲਾਂ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਣਕਾਰੀ ਅਨੁਸਾਰ ਹੈਦਰਾਬਾਦ ਵਿੱਚ ਇੱਕ 48 ਸਾਲਾ ਔਰਤ ਨੂੰ ਵੈਂਟੀਲੇਟਰਾਂ ਅਤੇ ਆਈਸੀਯੂ ਬਿਸਤਰੇ ਦੀ ਜ਼ਰੂਰਤ ਸੀ। ਸੋਨੂੰ ਨੇ ਟਵੀਟ ਕਰਕੇ ਕਿਹਾ, ‘ਨੀਓ ਕੇਅਰ ਹਸਪਤਾਲ ਵਿਚ ਬੈੱਡ ਦਾ ਪ੍ਰਬੰਧ ਕੀਤਾ ਗਿਆ ਹੈ। ਕਈ ਵਾਰ ਅੱਧੀ ਰਾਤ ਨੂੰ ਜਾਗਦੇ ਰਹਿਣਾ ਵੀ ਚੰਗਾ ਹੁੰਦਾ ਹੈ। ਤੁਸੀਂ ਜਲਦੀ ਠੀਕ ਹੋ ਜਾਵੇ। ‘
ਇਸ ਦੇ ਨਾਲ ਹੀ ਦੇਹਰਾਦੂਨ ਵਿਚ 37 ਸਾਲਾ ਸਾਬਾ ਹੁਸੈਨ ਨੂੰ ਸੋਨੂੰ ਦੀ ਮਦਦ ਨਾਲ ਆਕਸੀਜਨ ਬੈੱਡ ਵੀ ਮਿਲਿਆ ਹੈ। ਮਥੁਰਾ ਵਿੱਚ, 2 ਬੱਚਿਆਂ ਦੇ ਪਿਤਾ ਨੂੰ ਇੱਕ ਬੈੱਡ ਦੀ ਜ਼ਰੂਰਤ ਸੀ। ਇਕ ਵਿਅਕਤੀ ਨੇ ਲਿਖਿਆ ਕਿ ਜੇ ਮਥੁਰਾ ਵਿਚ ਕੋਈ ਹੈ, ਤਾਂ ਅੱਗੇ ਆਉਣ। ਉਨ੍ਹਾਂ ਦੇ ਬੱਚਿਆਂ ਨੂੰ ਯਤਮੀ ਹੋਣ ਤੋਂ ਬਚਾਉਣ। ਸੋਨੂੰ ਨੇ ਇਸ ਆਦਮੀ ਦੀ ਮਦਦ ਕਰਦਿਆਂ ਲਿਖਿਆ ਕਿ ਮਥੁਰਾ ਵਿਚ ਹਸਪਤਾਲ ਵਿੱਚ ਬੈੱਡ ਦਾ ਪ੍ਰਬੰਧ ਕੀਤਾ ਗਿਆ ਹੈ। ਕੋਈ ਅਨਾਥ ਨਹੀਂ ਹੋਵੇਗਾ, ਜਲਦੀ ਠੀਕ ਹੋ ਜਾਉਗੇ।
ਜ਼ਿਕਰਯੋਗ ਹੈ ਕਿ ਡਾਂਸ ਰਿਐਲਿਟੀ ਸ਼ੋਅ ‘ਤੇ ਨਜ਼ਰ ਆਏ ਸੋਨੂੰ ਸੂਦ ਨੇ ਆਪਣੀ ਮਦਦ ਬਾਰੇ ਕਿਹਾ ਕਿ ਮੈਂ ਇਥੇ ਇਕ ਅਦਾਕਾਰ ਬਣਨ ਆਇਆ ਸੀ, ਅਸੀਂ ਬਹੁਤ ਖੁਸ਼ ਹਾਂ ਕਿ ਸਾਡੀਆਂ ਫਿਲਮਾਂ 100 ਕਰੋੜ ਕਮਾ ਰਹੀਆਂ ਹਨ ਜਾਂ ਪਰ ਜਦੋਂ ਤੋਂ ਮੈਂ ਲੋਕਾਂ ਦੀ ਮਦਦ ਕਰਨ ਦਾ ਇਹ ਕੰਮ ਕੀਤਾ। ਵਿਸ਼ਵਾਸ ਕਰੋ, ਇਹ ਸਾਰੀ ਖੁਸ਼ੀ ਅਰਥਹੀਣ ਅਤੇ ਝੂਠੀ ਜਾਪਦੀ ਹੈ। ਮੈਂ ਅਜਿਹੇ ਸਾਰੇ ਨੌਜਵਾਨਾਂ ਨੂੰ ਦੱਸਾਂਗਾ ਕਿ ਅਸਲ ਖੁਸ਼ੀ ਕਿਸੇ ਦੀ ਮਦਦ ਕਰਨ ਨਾਲ ਹੀ ਮਿਲਦੀ ਹੈ।
ਇਲਾਜ ਵਿੱਚ ਮਦਦ ਮਿਲਣ ਤੋਂ ਬਾਅਦ ਮਹਿਲਾ ਨੇ ਸੋਨੂੰ ਸੂਦ ਨੂੰ ਕਿਹਾ ‘ਫਰਿਸ਼ਤਾ’, ਸੋਨੂੰ ਦੇ ਨਿਕਲ ਗਏ ਹੰਝੂ
ਕੁਝ ਸਮਾਂ ਪਹਿਲਾਂ ਸੋਨੂੰ ਇਕ ਰਿਅਲਟੀ ਸ਼ੋਅ ਵਿਚ ਪਹੁਚੇ ਸਨ। ਇਸ ਦੌਰਾਨ ਇੱਕ ਗੰਭੀਰ ਰੂਪ ਵਿੱਚ ਬੀਮਾਰ ਮਹਿਲਾ ਭਾਰਤੀ ਨੂੰ ਨਾਗਰਪੁਰ ਤੋਂ ਏਅਰਲਿਫਟ ਕਰਕੇ ਹੈਦਰਾਬਾਦ ਭੇਜਣ ਬਾਰੇ ਇਕ ਵੀਡੀਓ ਦਿਖਾਇਆ ਗਿਆ ਜਿਸ ਵਿਚ ਉਹ ਭਾਵੁਕ ਹੋ ਗਈ ਅਤੇ ਉਹ ਰੋ ਪਈ ਅਤੇ ਕਿਹਾ, ਸੋਨੂੰ ਸਰ ਸਾਡੇ ਲਈ ਇਕ ਫਰਿਸ਼ਤਾ ਹੈ, ਸੋਨੂੰ ਵੀ ਇਹ ਸੁਣ ਕੇ ਰੋ ਪਿਆ ਸੀ।
ਮਦਦਗਾਰਾਂ ਨੂੰ ਸਹਾਇਤਾ ਦੇਣ ਦੀ ਪ੍ਰਕਿਰਿਆ ਹਾਲੇ ਰੁਕੀ ਨਹੀਂ ਹੈ। ਹਾਲ ਹੀ ਵਿੱਚ, ਸੋਨੂੰ ਸੂਦ ਨੇ ਆਪਣੀ ਸੋਸ਼ਲ ਮੀਡੀਆ ਕਹਾਣੀ ਰਾਹੀਂ ਦੱਸਿਆ ਸੀ ਕਿ ਉਸਨੇ ਰੇਮੇਡਸਵੀਰ ਅਤੇ ਇੰਦੌਰ ਵਿੱਚ 10 ਲੋੜਵੰਦਾਂ ਨੂੰ ਆਕਸੀਜਨ ਸਿਲੰਡਰ ਭੇਜੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਤੋਂ ਆਫਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਸੀ। ਇਸ ਤੋਂ ਬਾਅਦ, ਸੋਨੂੰ ਨੇ ਖੁਸ਼ੀ ਜ਼ਾਹਰ ਕੀਤੀ ਜਦੋਂ ਸੀਬੀਐਸਈ ਨੇ 10 ਵੀਂ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਅਤੇ 12 ਵੀਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ।
ਸੋਨੂੰ ਸੂਦ ਨੇ ਦੱਸਿਆ ਕਿ ਮਦਦ ਲਈ ਫੰਡ ਕਿੱਥੋਂ ਆਉਂਦਾ ਹੈ
ਜਦੋਂ ਤੋਂ ਸੋਨੂੰ ਸੂਦ ਕੋਰੋਨਾ ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਐਕਟਿਵ ਹੋਏ ਹਨ, ਉਦੋਂ ਤੋਂ ਹੀ ਸਰਕਾਰਾਂ ਬਾਬਤ ਆਮ ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਕਿ ‘ਜੋ ਕੰਮ ਸਰਕਾਰਾਂ ਨਾ ਕਰ ਸਕੀਆਂ ਉਹ ਸੋਨੂੰ ਸੂਦ ਨੇ ਕਰ ਦਿਖਾਇਆ।’ ਇਸ ਬਾਰੇ ਸੋਨੂੰ ਸੂਦ ਕਹਿੰਦੇ ਹਨ, ”ਜੇ ਸਰਕਾਰਾਂ ਲੋਕਾਂ ਦੀ ਜ਼ਿੰਦਗੀ ਸੁਧਾਰਣ ਵਿੱਚ 2-3 ਮਹੀਨੇ ਚੰਗੀ ਤਰ੍ਹਾਂ ਲਗਾ ਲੈਣ ਤਾਂ ਬਹੁਤ ਫ਼ਰਕ ਪੈ ਜਾਵੇਗਾ। ਉਹ ਕਹਿੰਦੇ ਹਨ ਕਿ ਕੋਈ ਬੰਦਾ ਆਪਣਾ ਸਰਕਾਰੀ ਕੰਮ ਕਰਾਉਂਦਾ ਹੈ ਤਾਂ ਉਸ ਦੀ ਜ਼ਿੰਦਗੀ ਧੱਕੇ ਖਾਂਦੇ-ਖਾਂਦੇ ਨਿਕਲ ਜਾਂਦੀ ਹੈ। ਬਾਹਰ ਦੇ ਮੁਲਕਾਂ ਦੇ ਮੁਕਾਬਲੇ ਕਿਤੇ ਨਾ ਕਿਤੇ ਸਿਸਟਮ ਵਿੱਚ ਫ਼ਰਕ ਹੈ। ਢਾਂਚੇ ਦੀ ਗੱਲ ਕਰੀਏ ਤਾਂ ਸ੍ਰੀਲੰਕਾ ਵਰਗੇ ਛੋਟੇ ਦੇਸ਼ ਦੀਆਂ ਸੜਕਾਂ ਦੇਖ ਲਓ, ਸਫ਼ਾਈ ਦੇਖ ਲਓ। ਭਾਰਤ ‘ਚ ਆਬਾਦੀ ਕਰਕੇ ਸਮੱਸਿਆਵਾਂ ਹਨ ਪਰ ਇੱਥੇ ਲੋਕੀ ਜ਼ਿੰਮੇਵਾਰੀ ਘੱਟ ਲੈਂਦੇ ਹਨ। ਮਾਰਚ ਮਹੀਨੇ ਤੋਂ ਜ਼ਰੂਰਤਮੰਦਾ ਦੀ ਸਹਾਇਤਾ ਲਈ ਅੱਗੇ ਆਏ ਸੋਨੂੰ ਸੂਦ ਇਸ ਸਭ ਲਈ ਵਿੱਤੀ ਪੱਖ ਬਾਰੇ ਵੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਪਹਿਲਾਂ ਤਾਂ ਆਪ ਹੀ ਸ਼ੁਰੂਆਤ ਕੀਤੀ ਸੀ।
ਸੋਨੂੰ ਮੁਤਾਬਕ ਇਸ ਤਰ੍ਹਾਂ ਲੋਕਾਂ ਵੱਲੋਂ ਮਦਦ ਲਈ ਅੱਗੇ ਹੱਥ ਵਧਦਾ ਗਿਆ ਅਤੇ ਕਾਫ਼ਲਾ ਬਣਦਾ ਗਿਆ। ਸੋਨੂੰ ਕਹਿੰਦੇ ਹਨ ਕਿ ਮੇਰੀ ਇਸ਼ਤਿਹਾਰ ਵਾਲਿਆਂ ਨਾਲ ਡੀਲ ਹੀ ਇਹ ਹੁੰਦੀ ਹੈ ਕਿ ਦੱਸੋ ਕੀ ਮਦਦ ਕਰੋਗੇ? LED ਲਾਈਟਾਂ ਵਾਲਾ ਆਉਂਦਾ ਹੈ ਤਾਂ ਪੁੱਛਦੇ ਹਾਂ 20 ਪਿੰਡਾਂ ‘ਚ ਲਾਈਟਾਂ ਲਾਉਣ ਦਾ ਵਾਅਦਾ ਕਰ ਮੈਂ ਤੇਰੇ ਨਾਲ ਐਡ ਕਰਦਾ ਹਾਂ। ਕੋਈ ਕੰਸਟ੍ਰਕਸ਼ਨ ਵਾਲਾ ਆਉਂਦਾ ਹੈ ਤਾਂ ਘਰ ਬਣਾਉਣ ਦੇ ਪਿੱਛੇ ਲੱਗ ਜਾਂਦੇ ਹਾਂ ਤੇ ਮੇਰਾ ਇਹ ਆਈਡੀਆ ਹੈ ਕਿ ਇਹ ਜਿਹੜਾ ਲੋਕਾਂ ਲਈ ਕੰਮ ਕਰਨ ਦਾ ਸਿਲਸਿਲਾ ਹੈ ਉਹੀ ਕਰਨਾ ਹੈ।
ਪੰਜਾਬ ਲਈ ਚਿੰਤਿਤ ਰਹਿੰਦੇ ਹਨ ਸੋਨੂੰ ਸੂਦ
ਪੰਜਾਬ ਲਈ ਆਪਣੀ ਚਿੰਤਾ ਜ਼ਾਹਰ ਕਰਦਿਆਂ ਸੋਨੂੰ ਸੂਦ ਪੜ੍ਹਾਈ ਅਤੇ ਸਿਹਤ ਦੇ ਖ਼ੇਤਰਾਂ ਨੂੰ ਲੈ ਕੇ ਗੱਲ ਕਰਦੇ ਹਨ। ਉਹ ਆਖਦੇ ਹਨ ਕਿ ਪਿੰਡਾਂ ਵਿੱਚ ਪੜ੍ਹਾਈ ਦੀ ਪਹੁੰਚ ਉੱਤੇ ਕੰਮ ਕਰਨਾ ਬਾਕੀ ਹੈ, ਮੈਡੀਕਲ ਦੀਆਂ ਸਹੂਲਤਾਂ ਚੰਗੀਆਂ ਨਹੀਂ ਹਨ ਤੇ ਮੈਂ ਲੋਕਾਂ ਨੂੰ ਹਸਪਤਾਲਾਂ ਵਿੱਚ ਰੁਲਦੇ ਦੇਖਿਆ ਹੈ। ਕਾਰੋਬਾਰੀ ਮੌਕਿਆਂ ਅਤੇ ਰੁਜ਼ਗਾਰ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ ਤੇ ਜੇ ਇਹ ਸਭ ਕੰਮ ਹੋ ਜਾਣ ਤਾਂ ਅਸੀਂ ਨਵਾਂ ਪੰਜਾਬ ਦੇਖ ਸਕਦੇ ਹਾਂ।”
ਕੋਰੋਨਾ ਰਿਪੋਰਟ ਆ ਚੁਕੀ ਹੈ ਪਾਜ਼ੀਟਿਵ
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆ ਚੁੱਕੀ ਹੈ, ਫਿਰ ਵੀ ਉਨ੍ਹਾਂ ਵੱਲੋਂ ਲੋਕਾਂ ਦੀ ਮਦਦ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਹੈ।