India Punjab

ਮੇਰੇ ਜਵਾਬ ਦੀ ਉਡੀਕ ਤੋਂ ਪਹਿਲਾਂ ਹੀ ਸਾੜੇ ਗਏ ਮੇਰੇ ਪੁਤਲੇ, ਸੋਨੀਆ ਮਾਨ ਦਾ ਕਿਸਾਨ ਜਥੇਬੰਦੀਆਂ ਨੂੰ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਦਾਕਾਰਾ ਸੋਨੀਆ ਮਾਨ ਨੇ ਸਿਆਸਤ ਵਿੱਚ ਆਉਣ ਦੀ ਫੈਲੀ ਖਬਰ ਨੂੰ ਖ਼ਾਰਜ ਕਰ ਦਿੱਤਾ ਹੈ। ਸੋਨੀਆ ਮਾਨ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਜੁੜਨ ਦਾ ਖੰਡਨ ਕੀਤਾ ਹੈ। ਸੋਨੀਆ ਮਾਨ ਵਿਰੋਧ ਕਰਨ ਵਾਲਿਆਂ ‘ਤੇ ਵੀ ਵਰ੍ਹੇ। ਉਨ੍ਹਾਂ ਕਿਹਾ ਕਿ ਇੱਕ ਔਰਤ ਹੋਣ ਦੇ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋਨੀਆ ਮਾਨ ਨੇ 32 ਕਿਸਾਨ ਜਥੇਬੰਦੀਆਂ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ 32 ਜਥੇਬੰਦੀਆਂ ਦੇ ਅਹੁਦੇਦਾਰ ਸਿਆਸੀ ਦਲਾਂ ਨਾਲ ਸਬੰਧਿਤ ਨਹੀਂ ਹਨ ? ਸੋਨੀਆ ਮਾਨ ਨੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਸਿਆਸਤ ਵਿੱਚ ਆਉਣ ਬਾਰੇ ਚੱਲ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਸੋਨੀਆ ਮਾਨ ਨੇ ਲਿਖਿਆ ਹੈ ਕਿ :

ਸੋਨੀਆ ਮਾਨ ਨੇ ਕਿਹਾ ਕਿ ਮੈਂ ਅੱਜ ਦੀ ਤਰੀਕ ਵਿੱਚ ਕਿਸੇ ਵੀ ਰਾਜਨੀਤਿਕ ਸੰਸਥਾ ਜਾਂ ਜਥੇਬੰਦੀ ਨਾਲ ਨਹੀਂ ਜੁੜੀ। ਮੇਰੇ ਜਵਾਬ ਦੀ ਉਡੀਕ ਤੋਂ ਪਹਿਲਾਂ ਹੀ ਮੇਰੇ ਪੁਤਲੇ ਸਾੜਨ , ਮੈਨੂੰ ਕਾਲੇ ਝੰਡੇ ਦਿਖਾਉਣ, ਮੈਨੂੰ ਬੇਇੱਜ਼ਤ ਕਰਨ ਅਤੇ ਜਲੀਲ ਕਰਨ ਵਰਗੀਆਂ ਗੱਲਾਂ ਨੇ ਮੈਨੂੰ ਮਹਿਸੂਸ ਕਰਾਇਆ ਕਿ ਮੈਂ ਇੱਕ ਧਾਰਨਾ ਤੇ ਸੋਚ ਲਈ ਆਪਣੇ ਕੈਰੀਅਰ ਨੂੰ ਦਾਅ ‘ਤੇ ਲਗਾਇਆ। ਮੇਰੇ ਸਤਿਕਾਰਯੋਗ ਵੀਰ ਅਤੇ ਜਥੇਬੰਦੀਆਂ ਕਿਰਪਾ ਕਰਕੇ ਮੈਨੂੰ ਇਹ ਦੱਸਣ ਦੀ ਖੇਚਲ ਕਰਨਗੇ ਕਿ ਉਨ੍ਹਾਂ ਦੀ ਲੜਾਈ ਕੇਂਦਰ ਨਾਲ ਹੈ ਜਾਂ ਮੇਰੇ ਵਰਗੀ ਬੇਸਹਾਰਾ ਨਾਲ, ਜਿਸ ਦੇ ਸਿਰ ਉੱਤੋਂ ਪਿਓ ਦਾ ਸਾਇਆ ਨਹੀਂ ਸੀ। ਪਿਤਾ 16 ਦਿਨਾਂ ਦੀ ਛੱਡ ਕੇ ਇਸ ਦੁਨੀਆ ਤੋਂ ਸਮਾਜ ਦੀ ਖ਼ਾਤਰ ਆਪਣਾ-ਆਪ ਕੁਰਬਾਨ ਕਰ ਗਏ। 16 ਦਿਨਾਂ ਤੋਂ ਲੈ ਕੇ ਅੱਜ ਤੱਕ ਮੇਰੀ ਇਕੱਲੀ ਮਾਂ ਤੇ ਮੈਂ ਕਿਵੇਂ ਦਿਨ ਕੱਟੇ, ਇਹ ਮੈਂ ਤੇ ਮੇਰਾ ਪਰਿਵਾਰ ਹੀ ਜਾਣਦਾ ਹੈ। ਮੇਰੇ ‘ਤੇ ਉਂਗਲ ਚੁੱਕਣ ਵਾਲੇ ਆਪਣੇ ਗਿਰੇਬਾਨ ਵਿੱਚ ਝਾਕਣ।

ਸੋਨੀਆ ਮਾਨ ਨੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਇੱਕ ਗੱਲ ਦੱਸੀ ਜਾਵੇ ਕਿ ਮੇਰਾ ਵਿਰੋਧ ਜਾਂ ਮੇਰੇ ਖਿਲਾਫ ਬੋਲਣ ਨਾਲ ਇਹ ਤਿੰਨ ਬਿੱਲ ਰੱਦ ਹੋ ਜਾਣਗੇ। ਇੱਕ ਸਾਲ ਤੋਂ ਤਿੰਨ ਬਿੱਲਾਂ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਭਰਾ ਮਾਰੂ ਜੰਗ ਤੱਕ ਜਾ ਪਹੁੰਚੀ ਹੈ। ਲੋਕਤੰਤਰ ਵਿੱਚ ਹਰ ਵਿਅਕਤੀ , ਹਰ ਜਥੇਬੰਦੀ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਨੇ ਦਿੱਤਾ ਹੈ। ਜਿਹੜਾ ਵੀ ਇਨਸਾਨ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਰਹਿ ਕੇ ਗੱਲ ਕਰਦਾ ਹੈ, ਦੇਸ਼ ਦਾ ਸਭ ਤੋਂ ਵੱਡਾ ਗੱਦਾਰ ਤੇ ਦੇਸ਼ ਧ੍ਰੋਹੀ ਹੈ। ਮੇਰੇ ਵਿਰੋਧ ਦੀ ਕਾਲ ਦੇਣ ਵਾਲੇ ਇਹ ਵੀ ਦੱਸਣ ਕਿ 32 ਜਥੇਬੰਦੀਆਂ ਦੇ ਮੈਂਬਰ ਤੇ ਅਹੁਦੇਦਾਰ ਅਤੇ ਮੋਰਚੇ ‘ਤੇ ਬੈਠੇ ਲੋਕ ਕੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਨਹੀਂ ਹਨ ? ਜੇਕਰ ਹਨ ਤਾਂ ਕੀ ਮੈਨੂੰ ਸਿਰਫ਼ ਇੱਕ ਔਰਤ ਹੋਣ ਦੇ ਕਾਰਨ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕਿਰਪਾ ਕਰਕੇ ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਜਰੂਰ ਕਰਨ। ਸੰਵਿਧਾਨ ਨਿਰਮਾਤਾ ਡਾਕਟਰ ਬੀ .ਆਰ. ਅੰਬੇਦਕਰ ਸਾਹਿਬ ਜ਼ਿੰਦਾਬਾਦ। ਮੈਨੂੰ ਤੁਹਾਡੇ ਜਵਾਬ ਦੀ ਉਡੀਕ ਹੈ।

ਉਨ੍ਹਾਂ ਕਿਹਾ ਕਿ ਉਹ ਪਵਿੱਤਰ ਕਿਸਾਨੀ ਮੋਰਚਾ, ਜਿਸ ਨੂੰ ਕਾਮਯਾਬ ਕਰਨ ਲਈ ਮੈਂ ਦਿਨ ਰਾਤ ਇੱਕ ਕੀਤਾ। ਆਪਣੀਆਂ ਨਿੱਜੀ ਰੰਜਿਸ਼ਾਂ ਅਤੇ ਚੌਧਰ ਦੀ ਖਾਤਰ ਆਪਣੀ ਬੇਟੀ ਤੇ ਭੈਣ ਦਾ ਦਰਜਾ ਦੇਣ ਵਾਲਿਆਂ ਨੇ ਚੰਦ ਮਿੰਟਾਂ ਵਿੱਚ ਮੈਨੂੰ ਗੱਦਾਰ ਦਾ ਤਮਗਾ ਦੇ ਦਿੱਤਾ। ਮੈਂ ਪਿੰਡ-ਪਿੰਡ, ਗਲੀ-ਗਲੀ ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਘਰ ਘਰ ਜਾ ਕੇ ਦਰਵਾਜ਼ਾ ਖੜਕਾਇਆ। ਹਰ ਪਿੰਡ ਵਿੱਚ ਕਿਸਾਨੀ ਦੇ ਹੱਕ ਵਿੱਚ ਤੰਬੂ ਲਗਾਉਣ ਦਾ ਹੋਕਾ ਦਿੱਤਾ। ਹਰਿਆਣਾ , ਰਾਜਸਥਾਨ, ਯੂ.ਪੀ, ਲਖੀਮਪੁਰ ਖੀਰੀ ਮੈਂ ਨਿੱਜੀ ਹਿੱਤਾਂ ਦੀ ਖਾਤਰ ਨਹੀਂ ਸਗੋਂ ਸਮਾਜ ਦੇ ਲੋਕਾਂ ਲਈ ਗਈ ਸੀ। ਲਖੀਮਪੁਰ ਖੀਰੀ ਵਿੱਚ ਪੰਜ ਜ਼ਿਲ੍ਹਿਆਂ ਦੀ ਪੁਲਿਸ ਨੇ ਮੈਨੂੰ ਘੇਰਾ ਪਾਇਆ। ਮੈਨੂੰ ਜਬਰਦਸਤੀ ਗ੍ਰਿਫਤਾਰ ਕੀਤਾ ਪਰ ਕਿਸੇ ਵੀ ਕਿਸਾਨ ਜਥੇਬੰਦੀ ਅਤੇ ਵੀਰ ਨੇ ਮੇਰਾ ਸਾਥ ਨਹੀਂ ਦਿੱਤਾ। ਮੇਰੇ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ, ਕਿਸੇ ਵੀ ਕਿਸਾਨ ਨੇਤਾ ਨੇ ਸਟੇਜ ‘ਤੇ ਮੇਰੇ ਨਾਲ ਵਾਪਰੀ ਘਟਨਾ ਦੀ ਨਿੰਦਾ ਨਹੀਂ ਕੀਤੀ।

ਸੋਨੀਆ ਮਾਨ ਨੇ ਕਿਹਾ ਕਿ ਇੱਕ ਔਰਤ ਹੋਣ ਦੇ ਨਾਤੇ ਮੈਂ ਇਕੱਲੀ ਨੇ ਲੜਾਈ ਆਪਣੇ ਦਮ ‘ਤੇ ਲੜੀ। ਲਖੀਮਪੁਰ ਘਟਨਾ ਦਾ ਇਨਾਮ ਕਿਸਾਨੀ ਮੋਰਚੇ ਵੱਲੋਂ ਮੈਨੂੰ ਇਹ ਦਿੱਤਾ ਗਿਆ ਕਿ ਮੈਨੂੰ ਕਿਸਾਨੀ ਮੋਰਚੇ ਦੀ ਸਟੇਜ ਉੱਪਰੋਂ ਬੋਲਣ ਲਈ ਇਜਾਜ਼ਤ ਨਹੀਂ ਮਿਲੀ। ਸੋਸ਼ਲ ਮੀਡੀਆ ‘ਤੇ ਆਪਣੀ ਝੂਠੀ ਵਾਹ ਵਾਹ ਖੱਟਣ ਵਾਲਿਆਂ ਨੇ ਓਸ ਵਕਤ ਇੱਕ ਵੀ ਸ਼ਬਦ ਮੇਰੇ ਹੱਕ ਵਿੱਚ ਨਹੀਂ ਬੋਲਿਆ ਜਾਂ ਲਿਖਿਆ।

ਸੋਨੀਆ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਇਸਤਰੀ ਜਾਤੀ ਨੂੰ ਮਾਣ ਸਨਮਾਨ ਦਾ ਦਰਜਾ ਦਿੰਦਿਆਂ ਰਾਜਿਆਂ, ਮਹਾਰਾਜਿਆਂ ਤੇ ਗੁਰੂਆਂ, ਪੀਰਾਂ ਦੀ ਜਨਣੀ ਕਹਿ ਕੇ ਸਤਿਕਾਰਿਆ ਸੀ। ਅਜੋਕੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਦੁਹਾਈ ਦੇਣ ਵਾਲੇ ਲੋਕਾਂ ਨੇ ਅੱਜ ਆਪਣੀ ਘਟੀਆ ਰਾਜਨੀਤੀ ਅਤੇ ਨਿੱਜੀ ਸਵਾਰਥ ਦੀ ਖ਼ਾਤਰ ਕੁੱਝ ਅਖ਼ਬਾਰੀ ਖ਼ਬਰਾਂ, ਅਫਵਾਹਾਂ ਨੂੰ ਆਧਾਰ ਬਣਾ ਕੇ ਮੈਨੂੰ ਭੰਡਣ ਅਤੇ ਨੀਵਾਂ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਨੀਵੇਂ ਪੱਧਰ ਦੀ ਰਾਜਨੀਤੀ ਅਤੇ ਸ਼ਬਦਾਵਲੀ ਵਰਤੀ। ਉਹ ਇਸ ਪਵਿੱਤਰ ਕਿਸਾਨੀ ਨੂੰ ਢਾਲ ਬਣਾ ਕੇ ਆਪਣੀਆਂ ਦੁਸ਼ਮਣੀਆਂ ਕੱਢਣ ਦੀ ਖਾਤਰ ਮੇਰੇ ਉਪਰ ਨਿੱਜੀ ਹਮਲੇ ਕੀਤੇ, ਉਨ੍ਹਾਂ ਨੇ ਜਿੱਥੇ ਮੇਰੇ ਦਿਲ ਨੂੰ ਝੰਜੋੜਿਆ, ਉੱਥੇ ਸਮਾਜ ਦੀ ਉਹ ਤਸਵੀਰ ਪੇਸ਼ ਕੀਤੀ, ਜਿਸ ਸਮਾਜ ਲਈ ਮੈਂ ਆਪਣੇ ਕਾਰੋਬਾਰ ਦਾ ਤਿਆਗ ਕੀਤਾ, ਆਪਣੇ ਕੈਰੀਅਰ ਨੂੰ ਦਾਅ ‘ਤੇ ਲਗਾਇਆ।

ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁੱਝ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਕਿਸਾਨਾਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਸੋਨੀਆ ਮਾਨ ਨੂੰ ਗੱਦਾਰ ਕਰਾਰ ਦਿੱਤਾ ਜਾ ਰਿਹਾ ਸੀ। ਹਾਲਾਂਕਿ, ਕੱਲ੍ਹ ਸੋਨੀਆ ਮਾਨ ਅਕਾਲੀ ਦਲ ਵਿੱਚ ਸ਼ਾਮਿਲ ਨਹੀਂ ਹੋਏ ਸਨ।