India

ਸੋਨਮ ਵਾਂਗਚੁਕ ਨੂੰ ਦਿੱਲੀ ਬਾਰਡਰ ‘ਤੇ ਰੋਕਿਆ, ਰਾਹੁਲ ਗਾਂਧੀ ਅਤੇ ਕੇਜਰੀਵਾਲ ਨੇ ਚੁੱਕੇ ਸਵਾਲ

ਦਿੱਲੀ : ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਛੇਵੀਂ ਅਨੁਸੂਚੀ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ਤੱਕ ਮਾਰਚ ਕਰਨ ਵਾਲੇ ਵਾਂਗਚੁਕ ਸਮੇਤ ਲੱਦਾਖ ਦੇ ਲਗਭਗ 120 ਲੋਕਾਂ ਨੂੰ ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਦੀ ਸਰਹੱਦ ‘ਤੇ ਹਿਰਾਸਤ ਵਿਚ ਲੈ ਲਿਆ।

ਸੋਨਮ ਵਾਂਗਚੁਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਉਸ ਨੂੰ ਹਿਰਾਸਤ ‘ਚ ਲਿਆ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਪੁਲਿਸ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਅਸਵੀਕਾਰਨਯੋਗ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਨਵੀਂ ਦਿੱਲੀ, ਉੱਤਰੀ ਅਤੇ ਮੱਧ ਦਿੱਲੀ ਦੇ ਸਾਰੇ ਥਾਣਿਆਂ ਅਤੇ ਦਿੱਲੀ ਨਾਲ ਲੱਗਦੇ ਇਲਾਕਿਆਂ ਵਿੱਚ ਅਗਲੇ 6 ਦਿਨਾਂ ਲਈ ਭਾਰਤੀ ਨਿਆਂ ਸੰਹਿਤਾ ਦੀ ਧਾਰਾ 163 ਲਾਗੂ ਕਰ ਦਿੱਤੀ ਹੈ। ਇਸ ਤਹਿਤ ਇੱਕ ਥਾਂ ‘ਤੇ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ, ਪ੍ਰਦਰਸ਼ਨ ਆਦਿ ‘ਤੇ ਪਾਬੰਦੀ ਹੋਵੇਗੀ।

ਸੋਨਮ ਵਾਂਗਚੁਕ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਦਿੱਲੀ-ਹਰਿਆਣਾ ਦੀ ਸਿੰਘੂ ਸਰਹੱਦ ‘ਤੇ ਰੋਕ ‘ਤੇ ਵਿਰੋਧੂ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ “ਵਾਤਾਵਰਣ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਲੈ ਕੇ ਸ਼ਾਂਤਮਈ ਮਾਰਚ ਲਈ ਸੋਨਮ ਵਾਂਗਚੁਕ ਜੀ ਅਤੇ ਸੈਂਕੜੇ ਲੱਦਾਖੀ ਲੋਕਾਂ ਨੂੰ ਹਿਰਾਸਤ ਵਿੱਚ ਲੈਣਾ ਅਸਵੀਕਾਰਨਯੋਗ ਹੈ।”

ਇੱਕ ਟਵੀਟ ਕਰਦਿਆਂ ਰਾਹੁਲ ਨੇ ਕਿਹਾ ਕਿ “ਲਦਾਖ ਦੇ ਭਵਿੱਖ ਲਈ ਆਵਾਜ਼ ਉਠਾਉਣ ਵਾਲੇ ਬਜ਼ੁਰਗ ਨਾਗਰਿਕਾਂ ਨੂੰ ਦਿੱਲੀ ਸਰਹੱਦ ‘ਤੇ ਕਿਉਂ ਨਜ਼ਰਬੰਦ ਕੀਤਾ ਜਾ ਰਿਹਾ ਹੈ। ਮੋਦੀ ਜੀ, ਕਿਸਾਨਾਂ ਵਾਂਗ ਇਹ ‘ਚੱਕਰਵਿਊ’ ਵੀ ਟੁੱਟ ਜਾਵੇਗਾ ਤੇ ਤੁਹਾਡੀ ਹਉਮੈ ਵੀ ਟੁੱਟ ਜਾਵੇਗੀ। ਤੁਹਾਨੂੰ ਲੱਦਾਖ ਦੀ ਆਵਾਜ਼ ਸੁਣਨੀ ਪਵੇਗੀ।”

ਇਸ ਦੇ ਨਾਲ ਹੀ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਵੀ ਐਕਸ ‘ਤੇ ਲਿਖਿਆ, “ਮੈਨੂੰ ਦਿੱਲੀ ਬਾਰਡਰ ‘ਤੇ 150 ਪੈਦਲ ਯਾਤਰੀਆਂ ਦੇ ਨਾਲ ਸੈਂਕੜੇ ਪੁਲਿਸ ਬਲਾਂ ਦੁਆਰਾ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਜ਼ਿਆਦਾਤਰ ਮਰਦ-ਔਰਤਾਂ ਦੀ ਉਮਰ 80 ਸਾਲ ਤੋਂ ਉੱਪਰ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਾਬਕਾ ਫੌਜੀ ਹਨ, ਸਾਡੀ ਕਿਸਮਤ ਦਾ ਕੋਈ ਪਤਾ ਨਹੀਂ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ, ਅਸੀਂ ਬਾਪੂ ਦੀ ਸਮਾਧੀ ਤੱਕ ਬਹੁਤ ਸ਼ਾਂਤਮਈ ਮਾਰਚ ਕੱਢ ਰਹੇ ਸੀ।”

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਬੰਧੀ ਕਿਹਾ ਕਿ ਕਦੇ ਉਹ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਦੇ ਹਨ, ਕਦੇ ਲੱਦਾਖ ਦੇ ਲੋਕਾਂ ਨੂੰ ਰੋਕਦੇ ਹਨ। ਕੀ ਦਿੱਲੀ ਇਕ ਵਿਅਕਤੀ ਦੀ ਵਿਰਾਸਤ ਹੈ? ਦਿੱਲੀ ਦੇਸ਼ ਦੀ ਰਾਜਧਾਨੀ ਹੈ। ਸਾਰਿਆਂ ਨੂੰ ਦਿੱਲੀ ਆਉਣ ਦਾ ਹੱਕ ਹੈ। ਇਹ ਬਿਲਕੁਲ ਗਲਤ ਹੈ। ਉਹ ਨਿਹੱਥੇ ਸ਼ਾਂਤਮਈ ਲੋਕਾਂ ਤੋਂ ਕਿਉਂ ਡਰਦੇ ਹਨ?