ਬਿਊਰੋ ਰਿਪੋਰਟ (ਲੱਦਾਖ, 27 ਸਤੰਬਰ 2025): ਲੱਦਾਖ ਦੇ ਸਮਾਜ ਸੇਵੀ ਸੋਨਮ ਵਾਂਗਚੁਕ ’ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਲਗਾਉਣ ਤੋਂ ਬਾਅਦ ਹੁਣ ਪੁਲਿਸ ਉਨ੍ਹਾਂ ਦੇ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਸਬੰਧਾਂ ਦੀ ਜਾਂਚ ਕਰੇਗੀ। ਲੱਦਾਖ ਦੇ ਡੀਜੀਪੀ ਐਸ.ਡੀ. ਸਿੰਘ ਜਾਮਵਾਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਇੰਟੈਲੀਜੈਂਸ ਓਪਰੇਟਿਵ (PIO) ਦੇ ਇੱਕ ਮੈਂਬਰ ਨੂੰ ਕਾਬੂ ਕੀਤਾ ਗਿਆ ਸੀ, ਜੋ ਵਾਂਗਚੁਕ ਨਾਲ ਸਬੰਧਿਤ ਜਾਣਕਾਰੀ ਪਾਕਿਸਤਾਨ ਭੇਜ ਰਿਹਾ ਸੀ।
ਡੀਜੀਪੀ ਨੇ ਇਹ ਵੀ ਕਿਹਾ ਕਿ ਸੋਨਮ ਵਾਂਗਚੁਕ ਪਾਕਿਸਤਾਨ ਦੇ ਅਖ਼ਬਾਰ ਡਾਅਨ ਦੇ ਇਕ ਇਵੈਂਟ ਵਿੱਚ ਵੀ ਸ਼ਾਮਲ ਹੋਏ ਸਨ ਅਤੇ ਉਹ ਬੰਗਲਾਦੇਸ਼ ਵੀ ਜਾ ਚੁੱਕੇ ਹਨ। ਡੀਜੀਪੀ ਜਾਮਵਾਲ ਨੇ ਹਿੰਸਾ ਬਾਰੇ ਕਿਹਾ ਕਿ ਪੁਲਿਸ ਨੇ ਸੈਲਫ ਡਿਫੈਂਸ ਵਿੱਚ ਫਾਇਰਿੰਗ ਕੀਤੀ ਨਹੀਂ ਤਾਂ ਪੂਰਾ ਲੇਹ ਸੜ ਜਾਂਦਾ।
ਦੱਸ ਦੇਈਏ ਲੇਹ ਵਿੱਚ 24 ਸਤੰਬਰ ਨੂੰ ਹੋਈ ਹਿੰਸਾ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ 80 ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚ 40 ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਹੁਣ ਤੱਕ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਤਿੰਨ ਦਿਨ ਦੇ ਕਰਫ਼ਿਊ ਤੋਂ ਬਾਅਦ ਸ਼ਨੀਵਾਰ ਦੁਪਹਿਰ ਚਾਰ ਘੰਟਿਆਂ ਲਈ ਰਾਹਤ ਦਿੱਤੀ ਗਈ।
ਸੋਨਮ ਵਾਂਗਚੁਕ ਨੂੰ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਿੰਡ ਉਲਿਆਕਟੋਪੋ ਤੋਂ ਗ੍ਰਿਫ਼ਤਾਰ ਕਰਕੇ ਏਅਰਲਿਫਟ ਰਾਹੀਂ ਰਾਜਸਥਾਨ ਦੀ ਜੋਧਪੁਰ ਸੈਂਟਰਲ ਜੇਲ੍ਹ ਭੇਜਿਆ ਗਿਆ। ਉਨ੍ਹਾਂ ’ਤੇ ਲੱਗੇ NSA ਦੇ ਤਹਿਤ ਬਿਨਾਂ ਜ਼ਮਾਨਤ ਲੰਬੇ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ।