ਚੰਡੀਗੜ੍ਹ : ਪੰਥਕ ਮੁੱਦਿਆਂ ‘ਤੇ ਡੱਟ ਕੇ ਪਹਿਰਾ ਦੇਣ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਕਾਲ ਚਲਾਣਾ ਕਰ ਗਏ ਹਨ। ਲੰਮੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਸ੍ਰੀ ਮੁਕਤਸਰ ਸਾਹਿਬ ਵਿੱਚ 80 ਸਾਲ ਦੀ ਉਮਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋਇਆ। ਸਾਬਕਾ ਜਥੇਦਾਰ ਨੰਦਗੜ੍ਹ ਆਪਣੇ ਪੁੱਤਰ ਸ਼ਿਵਰਾਜ ਸਿੰਘ ਦੇ ਨਾਲ ਰਹਿੰਦੇ ਸਨ, ਜੋ ਜੇਲ੍ਹ ਸੁਪਰਡੈਂਟ ਹਨ । 2003 ਤੋਂ ਲੈਕੇ 2015 ਤੱਕ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਨਿਭਾਇਆ ।
ਦੱਸਿਆ ਜਾ ਰਿਹਾ ਹੈ ਕਿ ਸਾਬਕਾ ਜਥੇਦਾਰ ਸਾਹਿਬ ਦਾ ਸਸਕਾਰ ਉਨ੍ਹਾਂ ਦੇ ਫਾਰਮ ਹਾਊਸ ਜੇਲ੍ਹ ਰੋਡ ਸ੍ਰੀ ਮੁਕਤਸਰ ਸਾਹਿਬ ਵਿੱਚ ਦੁਪਹਿਰ ਨੂੰ ਕੀਤਾ ਗਿਆ ਹੈ 2015 ਵਿੱਚ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਨਾਨਕਸ਼ਾਹੀ ਕਲੰਡਰ ਨੂੰ ਲੈਕੇ ਵਿਵਾਦ ਤੋਂ ਬਾਅਦ SGPC ਨੇ ਉਨ੍ਹਾਂ ਨੂੰ ਹਟਾ ਦਿੱਤਾ ਸੀ।
ਤਤਕਾਲੀ ਜਥੇਦਾਰ ਨੰਦਗੜ੍ਹ ਨੇ 2003 ਦੇ ਮੂਲ ਨਾਨਕਸ਼ਾਹੀ ਕਲੰਡਰ ਵਿੱਚ ਬਲਦਾਅ ਡੱਟ ਕੇ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਸਿੱਖ ਪੰਥ ਨੇ ਬਹੁਤ ਸੋਚ ਵਿਚਾਰਨ ਦੇ ਬਾਅਦ ਨਾਨਕਸ਼ਾਹੀ ਕਲੰਡਰ ਬਣਾਇਆ ਸੀ ਇਹ ਸਿੱਖਾਂ ਦੀ ਵੱਖਰੀ ਹੋਂਦ ਵੀ ਤਰਜਮਾਨੀ ਕਰਦਾ ਹੈ। ਪਰ ਇਸ ਦੇ ਬਾਵਜੂਦ ਬ੍ਰਾਹਮਣੀ ਸੋਚ ਨੂੰ ਹਾਵੀ ਕਰਕੇ ਸਿੱਖਾਂ ਦੇ ਨਿਆਰੇ ਕਲੰਡਰ ਨੂੰ ਖ਼ਤਮ ਕਰ ਦਿੱਤਾ ਗਿਆ ।
ਜਥੇਦਾਰ ਨੰਦਗੜ੍ਹ ਨੇ ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗੁਰਬਚਨ ਸਿੰਘ ‘ਤੇ ਸੰਤ ਸਮਾਜ ਦੇ ਦਬਾਅ ਵਿੱਚ ਫ਼ੈਸਲੇ ਲੈਣ ਦਾ ਇਲਜ਼ਾਮ ਵੀ ਲਗਾਇਆ ਸੀ । ਉਨ੍ਹਾਂ ਨੇ ਕਿਹਾ ਸੀ ਕਿ ਗੁਰਬਚਨ ਸਿੰਘ ਇੱਕ ਪਾਸੜ ਫੈਸਲੇ ਲੈਂਦੇ ਹਨ,ਉਹ ਹੋਰ ਜਥੇਦਾਰ ਦੀ ਰਾਇ ਨਹੀਂ ਲੈਂਦੇ ਹਨ । ਜਿਸ ਤੋਂ ਬਾਅਦ 17 ਜਨਵਰੀ 2015 ਨੂੰ ਉਨ੍ਹਾਂ ਨੂੰ SGPC ਨੇ ਇੱਕ ਮੀਟਿੰਗ ਕਰਕੇ ਅਹੁਦੇ ਤੋਂ ਹਟਾ ਦਿੱਤਾ ਸੀ । 2015 ਵਿੱਚ ਬਰਗਾੜੀ ਵਿੱਚ ਹੋਈ ਬੇਅਦਬੀ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲਕਲਾਂ ਮੋਰਚੇ ਵਿੱਚ ਵੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਹਿੱਸਾ ਲਿਆ ਸੀ । 14 ਅਕਤੂਬਰ 2018 ਵਿੱਚ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਕ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਲਾਹਨਤ ਪੱਤਰ ਵੀ ਪੜ੍ਹਿਆ ਸੀ।
ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਕਾਮਨਾ ਕੀਤੀ ਹੈ ਕਿ ਉਹ ਇਸ ਬਿਖਮ ਭਾਣੇ ਨੂੰ ਸਹਿਣ ਕਰਨ ਦਾ ਸਾਕ-ਸਨੇਹੀਆਂ ਨੂੰ ਬਲ ਬਖ਼ਸ਼ਣ।
ਉਨ੍ਹਾਂ ਕਿਹਾ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਲੰਬਾ ਸਮਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਕੌਮੀ ਸੇਵਾ ਨਿਭਾਈ ਹੈ, ਜਿਸ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉੱਧਰ SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਸ਼ਰਧਾਂਜਲੀ ਦਿੱਤੀ ਗਈ।