ਮਾਨਸਾ : ਦੀਵਾਲੀ ਦੇ ਤਿਉਹਾਰ ਮੌਕੇ ਪਿੰਡ ਮੂਸਾ ਵਿਖੇ ਵੈਰਾਗਮਈ ਕੀਰਤਨ ਕਰ ਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕੁੱਝ ਭਾਵੁਕ ਗੱਲਾਂ ਵੀ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਇਕੱਲੇ ਗੈਂਗਸਟਰਾਂ ਦਾ ਕਾਰਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਮੂਸੇਵਾਲਾ ਕਤਲਕਾਂਡ ‘ਚ ਕੁਝ ਅਫ਼ਸਰਾਂ ਦਾ ਵੀ ਹੱਥ’ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਗੈਂਗਸਟਰਾਂ ਦੇ ਨਾਲ ਕੁਝ ਪ੍ਰਸ਼ਾਸਨ ਵਾਲੇ ਵੀ ਰਲੇ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸੇ ਤਰ੍ਹਾਂ ਰਿਹਾ ਤਾਂ ਪੰਜਾਬ ‘ਚ ‘ਦਾਊਦ’ ਗਿਣੇ ਨਹੀਂ ਜਾਣਗੇ।
ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਚ ਸੁਰੱਖਿਆ ਨਾਮ ਦੀ ਕੋਈ ਵੀ ਚੀਜ਼ ਨਹੀਂ ਪੰਜਾਬ ਸਰਕਾਰ ਅਜੇ ਤਕ ਸਿੱਧੂ ਮੂਸੇਵਾਲਾ ਦੇ ਅਸਲ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਉਨ੍ਹਾਂ ਨੇ ਮਰਹੂਮ ਦੀਪ ਸਿੱਧੂ , ਕਬੱਡੀ ਸਨਦੀਰ ਨੰਗਲ ਅੰਬੀਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਰਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਤਿੰਨ ਦੀਪ ਗੁਆ ਚੁੱਕੇ ਹਾਂ ਕਿਉਂਕਿ ਕੁੱਝ ਲੋਕਾਂ ਤੋਂ ਇੰਨਾਂ ਤਿੰਨਾਂ ਦੀ ਤਰੱਕੀ ਅਤੇ ਲੋਕਾਂ ਵਿੱਚ ਉਨ੍ਹਾਂ ਦੀ ਵਧਦਾ ਹੋਇਆ ਕੱਦ ਜਰਿਆ ਨਹੀਂ ਸੀ ਜਾ ਰਿਹਾ।
ਉਨ੍ਹਾਂ ਨੇ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਅਤੇ ਗੈਂਗਸਟਰ ਸ਼ਰੇਆਮ ਜੇਲ੍ਹਾਂ ਦੇ ਵਿੱਚੋਂ ਫ਼ਰਾਰ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਦੇ ਲਈ ਬੇਸ਼ੱਕ ਉਨ੍ਹਾਂ ਨੂੰ ਆਪਣੀ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪਵੇ ਪਰ ਆਪਣੇ ਬੇਟੇ ਨੂੰ ਇਨਸਾਫ਼ ਦਿਵਾਉਣ ਦੇ ਲਈ ਹਰ ਹੀਲਾ ਵਰਤਣਗੇ
ਪਿਤਾ ਬਲਕੋਰ ਸਿੰਘ ਨੇ ਕਿਹਾ ਕਿ ਇਹਨਾਂ ਤਿੰਨਾਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਤਿੰਨਾਂ ਨੇ ਆਪਣੀ ਮਿਹਨਤ ਦੇ ਸਿਰ ‘ਤੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗਾ ਬਣਾਈ ਸੀ। ਸਰਕਾਰ ਅਤੇ ਗੈਂਗਸਟਰਾਂ ‘ਤੇ ਨਿਸ਼ਾਨਾਂ ਸਾਧਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਜੇ ਕੋਈ ਸੱਚ ਬੋਲਦਾ ਹੈ, ਤਰੱਕੀ ਕਰਦਾ ਜਾਂ ਇਹਨਾਂ ਦੀਆਂ ਅੱਖਾਂ ਵਿੱਚ ਅੱਖ ਪਾ ਕੇ ਗੱਲ ਕਰਦਾ ਹੈ ਤਾਂ ਉਸ ਨੂੰ ਕਤਲ ਕਰਵਾ ਦਿੱਤਾ ਜਾਂਦਾ ਹੈ ਕਿਉਂਕਿ ਇਹ ਨਹੀਂ ਚਾਹੁੰਦੇ ਕਿ ਕੋਈ ਇੰਨਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ ਸਕੇ।
ਉਨ੍ਹਾਂ ਨੇ ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਸਿੱਧੂ ਮੂਸੇਵਾਲਾ ਨੇ ਵਾਪਸ ਨਹੀਂ ਆਉਣਾ ਪਰ ਸਾਡੀ ਲੜਾਈ ਪੰਜਾਬ ਦੇ ਹੋਰ ਸਿੱਧੂਆਂ ਨੂੰ ਬਚਾਉਣ ਦੀ ਹੈ। ਉੱਥੇ ਹੀ ਹਰ ਤਿਉਹਾਰ ਨੂੰ ਪਰਿਵਾਰ ਰੋਸ ਵਜੋਂ ਤੇ ਸੋਗ ਜ਼ਾਹਿਰ ਕਰ ਕੇ ਮਨਾਂ ਰਿਹਾ ਹੈ।
ਦੱਸ ਦੇਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ, ਜਿੱਥੇ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।