‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਈ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੱਲਬਾਤ ਲਈ ਭੇਜੀ ਚਿੱਠੀ ‘ਤੇ ਅਸਹਿਮਤੀ ਜਤਾਈ ਜਾ ਰਹੀ ਹੈ। ਇਨ੍ਹਾਂ ਕਿਸਾਨ ਜਥੇਬੰਦੀਆਂ ਨੇ ਮੋਦੀ ਨੂੰ ਚਿੱਠੀ ਭੇਜਣ ‘ਤੇ ਅਸਹਿਮਤੀ ਨਹੀਂ ਜਤਾਈ ਬਲਕਿ ਚਿੱਠੀ ਭੇਜਣ ਦੇ ਢੰਗ-ਤਰੀਕੇ ‘ਤੇ ਅਸਹਿਮਤੀ ਜਤਾਈ ਹੈ। ਇਨ੍ਹਾਂ ਕਿਸਾਨ ਲੀਡਰਾਂ ਨੇ ਕਿਹਾ ਕਿ 9 ਮੈਂਬਰੀ ਕਮੇਟੀ ਨੇ ਬਿਨਾਂ ਸਲਾਹ ਕੀਤਿਆਂ ਚਿੱਠੀ ਭੇਜੀ ਹੈ। 9 ਮੈਂਬਰੀ ਕਮੇਟੀ ਨੇ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਮੁਲਤਵੀ ਕਰਵਾਈ। ਫਿਰ ਆਪਸ ਵਿੱਚ ਬੈਠਕ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਦਾ ਫੈਸਲਾ ਲੈ ਲਿਆ। ਕੀ ਇਹ ਕਾਰਵਾਈ ਸੰਯੁਕਤ ਕਿਸਾਨ ਮੋਰਚੇ ਦੇ ਰਜਿਸਟਰ ਵਿੱਚ ਦਰਜ ਹੈ ?
- 9 ਮੈਂਬਰੀ ਟੀਮ ਨੂੰ ਚਿੱਠੀ ਲਿਖਣ ਦੇ ਅਧਿਕਾਰ ਕਿਸ ਮੀਟਿੰਗ ਵਿੱਚ ਦਿੱਤੇ ਗਏ ਹਨ ?
- ਅਜਿਹਾ ਕਰਕੇ ਕੀ 9 ਮੈਂਬਰੀ ਟੀਮ ਨੇ ਬਾਕੀ ਜਥੇਬੰਦੀਆਂ ਦੇ ਅਧਿਕਾਰੀਆਂ ਨੂੰ ਅਗਵਾ ਨਹੀਂ ਕੀਤਾ ?
- ਅਸੀਂ 9 ਮੈਂਬਰੀ ਕਮੇਟੀ ਦੇ ਕੰਮਕਾਰ ਦੇ ਤਰੀਕੇ ਤੋਂ ਬਿਲਕੁਲ ਵੀ ਸਹਿਮਤ ਨਹੀਂ ਹਾਂ। ਇਹ ਤਰੀਕੇ ਅੰਦੋਲਨ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਭਰੋਸੇ ਨੂੰ ਸੱਟ ਮਾਰਦੇ ਹਨ।
- ਸੰਯੁਕਤ ਕਿਸਾਨ ਮੋਰਚਾ ਦੀ ਐਮਰਜੈਂਸੀ ਬੈਠਕ ਸੱਦੀ ਜਾਵੇ।
- ਬਾਕੀ ਜਥੇਬੰਦੀਆਂ ਨਾਲ ਬਿਨਾਂ ਸਲਾਹ ਕੀਤੇ ਗਏ ਫੈਸਲੇ ਸਾਨੂੰ ਨਾ-ਮਨਜ਼ੂਰ ਹਨ।
- ਕੇਂਦਰ ਸਰਕਾਰ ਨਾਲ ਗੱਲਬਾਤ ਦੇ ਮੁੱਦੇ ‘ਤੇ ਮੁੜ ਤੋਂ ਵਿਚਾਰ ਕੀਤਾ ਜਾਵੇ।
ਕਿਹੜੇ ਕਿਸਾਨ ਲੀਡਰ ਹਨ ਅਸਹਿਮਤ
- ਬੂਟਾ ਸਿੰਘ ਬੁਰਜਗਿੱਲ
- ਰੁਲਦੂ ਸਿੰਘ ਮਾਨਸਾ
- ਡਾ.ਸਤਨਾਮ ਸਿੰਘ ਔਜਲਾ
- ਪ੍ਰੇਮ ਸਿੰਘ ਭੰਗੂ
- ਨਿਰਭੈ ਸਿੰਘ ਢੁੱਡੀਕੇ
- ਬਲਦੇਵ ਸਿੰਘ ਲਤਾਲਾ
- ਬਲਦੇਵ ਸਿੰਘ ਨਿਹਾਲਗੜ੍ਹ
- ਕੰਵਲਪ੍ਰੀਤ ਸਿੰਘ ਪੰਨੂੰ
- ਕਿਰਨਜੀਤ ਸਿੰਘ ਸੇਖੋਂ
- ਹਰਜਿੰਦਰ ਸਿੰਘ ਟਾਂਡਾ
ਮੋਦੀ ਨੂੰ ਚਿੱਠੀ ਲਿਖਣ ਵਾਲੇ ਕਿਸਾਨ ਲੀਡਰ
- ਬਲਬੀਰ ਸਿੰਘ ਰਾਜੇਵਾਲ
- ਡਾ.ਦਰਸ਼ਨ ਪਾਲ
- ਗੁਰਨਾਮ ਸਿੰਘ ਚੜੂਨੀ
- ਹਨਨ ਮੌਲਾ
- ਜਗਜੀਤ ਸਿੰਘ ਡੱਲੇਵਾਲ
- ਜੋਗਿੰਦਰ ਸਿੰਘ ਉਗਰਾਹਾਂ
- ਸ਼ਿਵ ਕੁਮਾਰ ਕੱਕਾ
- ਯੋਗੇਂਦਰ ਯਾਦਵ
- ਯੁੱਧਵੀਰ ਸਿੰਘ
ਕਿਸਾਨ ਲੀਡਰਾਂ ਨੇ ਕਿਸ ਗੱਲ ‘ਤੇ ਜਤਾਈ ਅਸਹਿਮਤੀ
ਕਿਸਾਨ ਲੀਡਰ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ‘ਚਿੱਠੀ ਭੇਜਣ ‘ਤੇ ਕਿਸੇ ਦਾ ਵੀ ਕੋਈ ਇਤਰਾਜ਼ ਨਹੀਂ ਹੈ। ਬਸ ਚਿੱਠੀ ਭੇਜਣ ਦੇ ਢੰਗ-ਤਰੀਕੇ ‘ਤੇ ਇਤਰਾਜ਼ ਹੈ। ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਮੀਟਿੰਗਾਂ ਕੀਤੀਆਂ ਜਾਣਗੀਆਂ। ਜੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਆਉਂਦਾ ਹੈ ਤਾਂ ਅਸੀਂ ਮੀਟਿੰਗ ਵਿੱਚ ਜ਼ਰੂਰ ਜਾਵਾਂਗੇ’।
ਕਿਸਾਨ ਲੀਡਰ ਨਿਰਭੇ ਸਿੰਘ ਢੁੱਡੀਕੇ ਨੇ ਵੀ ਕਿਹਾ ਕਿ ‘ਸਾਨੂੰ ਚਿੱਠੀ ਭੇਜਣ ‘ਤੇ ਕੋਈ ਇਤਰਾਜ਼ ਨਹੀਂ ਹੈ, ਸਾਨੂੰ ਚਿੱਠੀ ਭੇਜਣ ਦੇ ਢੰਗ ਤਰੀਕਿਆਂ ਤੋਂ ਇਤਰਾਜ਼ ਹੈ। ਚਿੱਠੀ ਸਾਰਿਆਂ ਦੀ ਰਾਇ ਨਾਲ ਲਿਖਣੀ ਚਾਹੀਦੀ ਸੀ ਪਰ ਇਹ ਚਿੱਠੀ ਸਿਰਫ ਕੁੱਝ ਬੰਦਿਆਂ ਨੇ ਆਪਣੇ ਲੈਵਲ ਦੀ ਲਿਖੀ ਹੈ’।
ਦਰਅਸਲ, ਮੋਦੀ ਨੂੰ ਲਿਖੀ ਚਿੱਠੀ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ 25 ਮਈ ਤੱਕ ਗੱਲਬਾਤ ਲਈ ਕੋਈ ਨਾ ਕੋਈ ਫੈਸਲਾ ਦੇਣ ਬਾਰੇ ਕਿਹਾ ਹੈ।