India Punjab

ਜੰਮੂ ਕਸ਼ਮੀਰ ‘ਚ ਸ਼ਹੀਦ ਹੋਇਆ ਨੂਰਪੁਰ ਬੇਦੀ ਦਾ ਫੌਜੀ ਜਵਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਦੋਂ ਕਿਸੇ ਮਾਂ ਦਾ ਜਵਾਨ ਪੁੱਤ ਸ਼ਹੀਦ ਹੁੰਦਾ ਹੈ ਤਾਂ ਉਸਦੀ ਸ਼ਹੀਦੀ ‘ਤੇ ਬੇਸ਼ੱਕ ਸਾਰੇ ਦੇਸ਼ ਨੂੰ ਬਹੁਤ ਮਾਣ ਹੁੰਦਾ ਹੈ ਪਰ ਮਾਪਿਆਂ ਦੀ ਤਕਲੀਫ਼, ਉਨ੍ਹਾਂ ਦੇ ਅੰਦਰ ਦੀ ਚੀਸ ਸਿਰਫ਼ ਉਹੀ ਸਮਝ ਸਕਦੇ ਹਨ, ਉਸ ਚੀਸ ਨੂੰ ਸ਼ਬਦੀ ਰੂਪ ਨਹੀਂ ਦਿੱਤਾ ਜਾ ਸਕਦਾ। ਇਨ੍ਹਾਂ ਸ਼ਹੀਦਾਂ ਨੂੰ ਸ਼ੁਰੂ-ਸ਼ੁਰੂ ਵਿੱਚ ਸਾਰੇ ਯਾਦ ਰੱਖਦੇ ਹਨ, ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਣ ਲਈ ਆਉਂਦੇ ਹਨ, ਪਰਿਵਾਰ ਦੀ ਵਿੱਤੀ ਮਦਦ ਕਰਨ ਦਾ ਵਾਅਦਾ ਵੀ ਕਰਦੇ ਹਨ ਪਰ ਕਈ ਵਾਰ ਇਹ ਵਾਅਦੇ ਦਾਅਵੇ ਬਣ ਕੇ ਰਹਿ ਜਾਂਦੇ ਹਨ ਅਤੇ ਪਰਿਵਾਰ ਆਪਣੇ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਆਪਣਾ ਜੀਵਨ ਬਸਰ ਕਰਦਾ ਹੈ। ਕਿਸੇ ਦੇ ਘਰ ਦੀ ਰੋਜ਼ੀ-ਰੋਟੀ ਚਲੀ ਜਾਂਦੀ ਹੈ ਤਾਂ ਕਿਸੇ ਦੇ ਘਰ ਦਾ ਤਾਂ ਦੀਵਾ ਹੀ ਬੁੱਝ ਜਾਂਦਾ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੈ।

ਜੰਮੂ-ਕਸ਼ਮੀਰ ਦੇ ਪੁਣਛ ਜਿਲ੍ਹੇ ਵਿੱਚ ਸੋਮਵਾਰ ਨੂੰ ਅੱਤ ਵਾਦੀਆਂ ਨਾਲ ਹੋਏ ਐਨਕਾਊਂਟਰ ਵਿੱਚ ਸੈਨਾ ਦੇ ਇੱਕ ਅਫਸਰ ਸਣੇ ਚਾਰ ਜਵਾਨ ਸ਼ਹੀਦ ਹੋ ਗਏ ਸਨ। ਰੱਖਿਆ ਸੂਤਰਾਂ ਮੁਤਾਬਿਕ ਇਹ ਕੱਲ੍ਹ ਸਵੇਰ ਦੀ ਘਟਨਾ ਹੈ ਅਤੇ ਸੂਰਨਕੋਟ ਵਿੱਚ ਡੇਰਾ ਦੀ ਗਲੀ ਦੇ ਨੇੜੇ ਇਕ ਪਿੰਡ ਵਿੱਚ ਅਭਿਆਨ ਦੇ ਦੌਰਾਨ ਵਾਪਰੀ। ਇਸ ਦੌਰਾਨ ਲੁਕੇ ਹੋਏ ਅੱਤ ਵਾਦੀਆਂ ਨੇ ਤਲਾਸ਼ੀ ਅਭਿਆਨ ਵਿੱਚ ਲੱਗੀ ਹੋਈ ਸੈਨਾ ਉੱਤੇ ਫਾਇਰਿੰਗ ਕੀਤੀ। ਇਸਦੇ ਵਿਰੋਧ ਵਿੱਚ ਇੱਕ ਜੂਨੀਅਰ ਕਮੀਸ਼ੰਡ ਅਧਿਕਾਰੀ ਤੇ ਚਾਰ ਜਵਾਨ ਗੰਭੀਰ ਜਖਮੀ ਹੋਏ ਸਨ, ਜਿਹੜੇ ਬਾਅਦ ਵਿੱਚ ਸ਼ਹੀਦ ਹੋ ਗਏ। ਇਸ ਘਟਨਾ ਵਿੱਚ 16 ਆਰ.ਆਰ. ਰੈਜੀਮੈਂਟ ਵਿੱਚ ਪੁਣਛ ਵਿਚ ਤੈਨਾਤ ਸ਼ਹੀਦ ਗੱਜਣ ਸਿੰਘ ਨੂਰਪੁਰ ਬੇਦੀ ਦੇ ਪਿੰਡ ਪਚਰੰਡਾ ਦਾ ਰਹਿਣ ਵਾਲਾ ਸੀ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਸ਼ ਸੇਵਾ ਵਿੱਚ ਆਪਣੀਆਂ ਜਾਨਾਂ ਨਿਛਾਵਰ ਕਰ ਗਏ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਦੇ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਬਹਾਦਰ ਸੈਨਿਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੂਰਬੀਰਾਂ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਗਈ ਸਮਰਪਣ ਭਾਵਨਾ ਅਤੇ ਇੱਥੋਂ ਤੱਕ ਕਿ ਆਪਣੀਆਂ ਜ਼ਿੰਦਗੀਆਂ ਖ਼ਤਰੇ ਵਿੱਚ ਪਾ ਦੇਣ ਦਾ ਸਾਹਸ ਬਾਕੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਸ਼ਿੱਦਤ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਾ ਰਹੇਗਾ।