ਬਿਉਰੋ ਰਿਪੋਰਟ: ਮੁਹਾਲੀ ਵਿੱਚ ਸਿਰਫ 7 ਹਜ਼ਾਰ ਰੁਪਏ ਦੇ ਉਧਾਰ ਨੂੰ ਲੈ ਕੇ ਹੋਏ ਝਗੜੇ ਕਾਰਨ ਫੌਜ ’ਚੋਂ ਗੈਰ-ਹਾਜ਼ਰ ਚੱਲ ਰਹੇ ਸਤਵੰਤ ਸਿੰਘ ਅਤੇ ਉਸ ਦੇ ਸਾਥੀ ਉਦਿਤ ਸ਼ੌਕੀਨ ਨੇ ਸੈਕਟਰ-68 ਸਥਿਤ ਨਿਊ ਮਾਰਕੀਟ ਵਿੱਚ ਕੈਫੇ ਚਲਾਉਣ ਵਾਲੇ ਜਸ਼ਨਜੀਤ ਸਿੰਘ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਗੋਲੀ ਚਲਾਉਣ ਦੀ ਕੋਸ਼ਿਸ਼ ਦੌਰਾਨ ਜਸ਼ਨਜੀਤ ਨੇ ਸਤਵੰਤ ਦਾ ਹੱਥ ਫੜ ਕੇ ਪਿਸਤੌਲ ਨੂੰ ਉੱਪਰ ਵੱਲ ਮੋੜ ਦਿੱਤਾ, ਜਿਸ ਕਾਰਨ ਉਹ ਵਾਲ-ਵਾਲ ਬਚ ਗਿਆ। ਇਸ ਦੌਰਾਨ ਮੁਲਜ਼ਮ ਸਤਵੰਤ ਅਤੇ ਜਸ਼ਨਜੀਤ ਵਿਚਕਾਰ ਝਗੜਾ ਹੋ ਗਿਆ, ਜਿਸ ਵਿੱਚ ਦੋਵੇਂ ਜ਼ਖ਼ਮੀ ਹੋ ਗਏ।
ਘਟਨਾ ਤੋਂ ਬਾਅਦ ਮੁਲਜ਼ਮ ਉਦਿਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫੇਜ਼-8 ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਪੁਲਿਸ ਨੇ ਜਸ਼ਨਜੀਤ ਦੇ ਬਿਆਨਾਂ ਦੇ ਆਧਾਰ ’ਤੇ ਸਤਵੰਤ ਸਿੰਘ ਅਤੇ ਉਦਿਤ ਸ਼ੌਕੀਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਤਵੰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਉਦਿਤ ਦੀ ਭਾਲ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸਤਵੰਤ ਸਿੰਘ ਫੌਜ ਵਿੱਚ ਤਾਇਨਾਤ ਹੈ ਪਰ ਫਿਲਹਾਲ ਉਹ ਆਪਣੀ ਡਿਊਟੀ ਤੋਂ ਗੈਰਹਾਜ਼ਰ ਹੈ। ਪੁਲਿਸ ਨੇ ਉਸ ਕੋਲੋਂ 45 ਬੋਰ ਦਾ ਪਿਸਤੌਲ, ਦੋ ਜਿੰਦਾ ਕਾਰਤੂਸ ਅਤੇ ਦੋ ਖੋਲ ਬਰਾਮਦ ਕੀਤੇ ਹਨ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਤਵੰਤ ਨੂੰ ਇਹ ਪਿਸਤੌਲ ਕਿੱਥੋਂ ਮਿਲਿਆ।