‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਨੌਦੀਪ ਕੌਰ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਲੋਕਾਂ ਦੇ ਹੱਕਾਂ ਲਈ ਕੀਤੀ ਜਾ ਰਹੀ ਬੁਲੰਦ ਆਵਾਜ਼ ਨੂੰ ਪੈਰ-ਪੈਰ ‘ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਗਤ ਸਿੰਘ ਵਿਦਿਆਰਥੀ ਏਕਤਾ ਮੰਚ (BSCEM) ਵੱਲੋਂ ਕੱਲ੍ਹ ਦਿੱਲੀ ਯੂਨੀਵਰਸਿਟੀ ਦੀ ਆਰਟਸ ਫੈਕਲਟੀ ਦੇ ਬਾਹਰ ਔਰਤ ਦਿਹਾੜੇ ਮੌਕੇ ਜਾਤੀ, ਰੰਗ, ਜਿਨਸੀ ਸੰਬੰਧਾਂ ਅਤੇ ਵੱਖ-ਵੱਖ ਪੇਸ਼ਿਆਂ ਦੀਆਂ ਔਰਤਾਂ ਅਤੇ ਫਾਸੀਵਾਦੀ ਸ਼ਾਸਨ ਵਿਰੁੱਧ ਲੜ ਰਹੀਆਂ ਲੜਕੀਆਂ ਅਤੇ ਬਲਾਤਕਾਰ ਤੋਂ ਪੀੜਤ ਲੜਕੀਆਂ ਦੀ ਆਵਾਜ਼ ਨੂੰ ਬੁਲੰਦ ਕਰਨ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਵੀ ਸ਼ਾਮਿਲ ਸੀ, ਜੋ ਕਿ ਹਾਲ ਹੀ ਵਿੱਚ ਹਰਿਆਣਾ ਦੀ ਕਰਨਾਲ ਜੇਲ੍ਹ ਤੋਂ ਰਿਹਾਅ ਹੋ ਕੇ ਆਈ ਸੀ। ਨੌਦੀਪ ਕੌਰ 44 ਦਿਨਾਂ ਬਾਅਦ 26 ਫਰਵਰੀ ਨੂੰ ਜ਼ਮਾਨਤ ਮਿਲੀ ਸੀ।
ਜਦੋਂ ਨੌਦੀਪ ਕੌਰ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਤਾਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਪ੍ਰੋਗਰਾਮ ਨੂੰ ਰੋਕਦਿਆਂ ਪੁੱਛਿਆ ਕਿ ਕੀ ਉਨ੍ਹਾਂ ਕੋਲ ਇਸ ਸਮਾਗਮ ਨੂੰ ਕਰਵਾਉਣ ਲਈ ਜਾਇਜ਼ ਆਗਿਆ ਹੈ। ਇਸ ਤੋਂ ਬਾਅਦ ABVP ਨੇ ਨੌਦੀਪ ਕੌਰ ਸਮੇਤ ਸਾਰੇ ਵਿਦਿਆਰਥੀਆਂ ‘ਤੇ ਹਮਲਾ ਕਰ ਦਿੱਤਾ ਅਤੇ ਪ੍ਰੋਗਰਮਾ ਨੂੰ ਬੰਦ ਕਰਵਾ ਦਿੱਤਾ। ਨੌਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਉਸਦੀ ਭੈਣ ਰਾਜਵੀਰ ਕੌਰ ਨੇ ਬੁਤਾਨਾ ਗੈਂਗ ਰੇਪ ਅਤੇ ਗੁਰ੍ਹਮੰਡੀ ਕੇਸ ਬਾਰੇ ਬੋਲਣਾ ਸ਼ੁਰੂ ਕੀਤਾ ਤਾਂ ABVP ਵਾਲਿਆਂ ਨੇ ਆ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਪੋਸਟਰ ਪਾੜਨੇ ਸ਼ੁਰੂ ਕਰ ਦਿੱਤੇ।
ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਨੇ ਹਮਲੇ ਬਾਰੇ ਦਿੱਤੀ ਜਾਣਕਾਰੀ
ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਨੇ ਕਿਹਾ ਕਿ ‘ਸਮਾਗਮ ਦੌਰਾਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਸਮਾਗਮ ਵਿੱਚ ਲਗਾਏ ਗਏ ਪੋਸਟਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ, ਸਾਡੇ ‘ਤੇ ਹਮਲਾ ਕੀਤਾ ਅਤੇ ਸਾਡੇ ਨਾਲ ਗਲਤ ਸ਼ਬਦਾਵਲੀ ਵਰਤੀ। ਪੁਲਿਸ ਉਨ੍ਹਾਂ ਨੂੰ ਰੋਕਣ ਦੀ ਬਜਾਏ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਪਈ। ਇਸ ਝੜਪ ਦੌਰਾਨ ਕਈ ਵਿਦਿਆਰਥੀ ਜ਼ਖਮੀ ਵੀ ਹੋਏ ਅਤੇ ਉਨ੍ਹਾਂ ਦੇ ਸਰੀਰਾਂ ‘ਤੇ ਕੁੱਟਮਾਰ ਦੇ ਨਿਸ਼ਾਨ ਵੀ ਹਨ। ਪੁਲਿਸ ਨੇ ਤਿੰਨ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ’।
DUSU ਨੇ ਹਮਲੇ ਬਾਰੇ ਦਿੱਤੀ ਸਫਾਈ
ABVP ਦੀ ਅਗਵਾਈ ਵਾਲੀ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਉਨ੍ਹਾਂ ਦੀ ਸੰਯੁਕਤ ਸਕੱਤਰ ਸ਼ਿਵਾਂਗੀ ਖਰਵਲ ‘ਤੇ ਹਮਲਾ ਕੀਤਾ ਸੀ। DUSU ਨੇ ਕਿਹਾ ਕਿ “ਡੀਯੂਐਸਯੂ ਲੜਕੀਆਂ ਲਈ ਸਵੈ-ਰੱਖਿਆ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਸੀ, ਜਿੱਥੇ ਲੜਕੀਆਂ ਨੂੰ ਸਿਖਲਾਈ ਦੇਣ ਲਈ ਦਿੱਲੀ ਪੁਲਿਸ ਦੇ ਕਰਮਚਾਰੀ ਅਤੇ ਹੋਰ ਰੱਖਿਆ ਸਿਖਲਾਈ ਦੇਣ ਵਾਲੇ ਮੌਜੂਦ ਸਨ। ਪ੍ਰੋਗਰਾਮ ਦੇ ਸਥਾਨ ਦੇ ਬਾਹਰ ਹੀ ਯੂਨੀਵਰਸਿਟੀ ਦੇ ਬਾਹਰੀ ਲੋਕਾਂ ਅਤੇ ਸਾਬਕਾ ਵਿਦਿਆਰਥੀਆਂ ਨੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜਿਸ ਵਿੱਚ ਇਤਰਾਜ਼ਯੋਗ ਪੋਸਟਰ ਲਗਾਏ ਗਏ ਸਨ, ਜਿਸ ਵਿੱਚ ਲਿਖਿਆ ਗਿਆ ਸੀ ਕਿ ‘ਭਾਰਤੀ ਫੌਜ ਨੇ ਸਾਡੇ ਨਾਲ ਬਲਾਤਕਾਰ ਕੀਤਾ’ (Indian Army Rape Us) ਵਰਗੇ ਇਤਰਾਜ਼ਯੋਗ ਨਾਅਰਿਆਂ ਨਾਲ ਪ੍ਰਦਰਸ਼ਿਤ ਕੀਤਾ ਗਿਆ ਸੀ’।
DUSU ਨੇ ਕਿਹਾ ਕਿ ‘ਜਦੋਂ ਸ਼ਿਵਾਂਗੀ ਖਰਵਲ ਕੁੱਝ ਲੜਕੀਆਂ ਦੇ ਨਾਲ ਉੱਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਇਹ ਇਤਰਾਜ਼ਯੋਗ ਪੋਸਟਰ ਵੇਖ ਕੇ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਸਮਾਗਮ ਦੇ ਮਨੋਰਥ ਬਾਰੇ ਪੁੱਛਿਆ। ਸ਼ਿਵਾਂਗੀ ਵੱਲੋਂ ਸਵਾਲ ਪੁੱਛੇ ਜਾਣ ‘ਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ’।
ਕਿਸਾਨ ਮੋਰਚਾ ਦੇ ਕਾਨੂੰਨੀ ਸੈੱਲ ਦੇ ਮੈਂਬਰ ਵਾਸੂ ਕੁਕਰੇਜਾ ਨੇ ਦੱਸੀ ਸੱਚਾਈ
ਕਿਸਾਨ ਮੋਰਚਾ ਦੇ ਕਾਨੂੰਨੀ ਸੈੱਲ ਦੇ ਮੈਂਬਰ ਵਾਸੂ ਕੁਕਰੇਜਾ ਨੇ DUSU ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ‘ਉਹ ਉਸ ਮੌਕੇ ਨੌਦੀਪ ਕੌਰ ਨੂੰ ਮਿਲਣ ਲਈ ਉੱਥੇ ਮੌਜੂਦ ਸਨ ਅਤੇ ਖਰਵਲ ਨੇ ਨੌਦੀਪ ਕੌਰ ‘ਤੇ ਹਮਲਾ ਕੀਤਾ ਸੀ। ਰਾਜਵੀਰ ਕੌਰ ਜਦੋਂ ਭਾਸ਼ਣ ਦੇ ਰਹੀ ਸੀ ਤਾਂ ABVP ਵੱਲੋਂ ਇਸਦਾ ਵਿਰੋਧ ਕੀਤਾ ਗਿਆ, ਜਿਸਨੂੰ ਮੈਂ ਆਪਣੇ ਫੋਨ ‘ਚ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਉਸ ਸਮੇਂ ਸ਼ਿਵਾਂਗੀ ਖਰਵਲ ਨੇ ਮੈਨੂੰ ਮੇਰੀ ਕਮੀਜ਼ ਦੇ ਕਾਲਰ ਤੋਂ ਫੜਿਆ ਅਤੇ ਮੇਰੇ ਚਪੇੜ ਮਾਰੀ’।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੁਲਿਸ ਨੇ ਇਨ੍ਹਾਂ ਔਰਤਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ।