Punjab

ਇਸ ਮਹੀਨੇ ਰੋਜ਼ਾਨਾ ਇੰਨੇ ਲੋਕਾਂ ਨੂੰ ਲੱਗੇਗਾ ਟੀਕਾ, ਪੜ੍ਹੋ ਕੈਪਟਨ ਦੇ ਸਾਰੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਵਿੱਚ ਟੀਕਾਕਰਨ ਦੀ ਰੋਜ਼ਾਨਾ ਗਿਣਤੀ ਵਧਾ ਕੇ ਦੋ ਲੱਖ ਕਰਨ ਦੇ ਹੁਕਮ ਦਿੱਤੇ ਹਨ। ਕੈਪਟਨ ਨੇ ਅਪ੍ਰੈਲ ਦੇ ਅੰਤ ਤੱਕ 45 ਸਾਲ ਤੋਂ ਵੱਧ ਉਮਰ ਦੇ 2 ਲੱਖ ਲੋਕਾਂ ਨੂੰ ਰੋਜ਼ਾਨਾ ਟੀਕਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਘਰੇਲੂ ਇਕਾਂਤਵਾਸ ਦੇ ਮਾਮਲਿਆਂ ਵਿੱਚ ਵਿਅਕਤੀਗਤ ਤੌਰ ‘ਤੇ ਨਿਗਰਾਨੀ ਨੂੰ ਹੋਰ ਪ੍ਰਭਾਵੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਇੱਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕਰਨ ਦਾ ਐਲਾਨ ਕੀਤਾ।

ਪੰਜਾਬ ‘ਚ 5ਵੀਂ, 8ਵੀਂ ਅਤੇ 10ਵੀਂ ਦੇ ਪੱਕੇ ਪੇਪਰ ਰੱਦ

ਪੰਜਾਬ ਸਰਕਾਰ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ ਅਗਲੀਆਂ ਜਮਾਤਾਂ ਵਿੱਚ ਪ੍ਰਮੋਟ ਕਰਨ ਦਾ ਫੈਸਲਾ ਲਿਆ ਹੈ। 12ਵੀਂ ਦੀ ਪ੍ਰੀਖਿਆ ਫਿਲਹਾਲ ਮੁਲਤਵੀ ਕੀਤੀ ਗਈ ਹੈ।

ਸੂਬੇ ‘ਚ ਹੋਰ ਸਖਤ ਹੋ ਸਕਦੀਆਂ ਹਨ ਪਾਬੰਦੀਆਂ

ਕੈਪਟਨ ਨੇ ਟੀਕਾਕਰਨ ਦੇ ਸਬੰਧ ਵਿੱਚ ਸਿਹਤ ਵਿਭਾਗ ਨੂੰ ਇਸ ਮਹੀਨੇ ਦੇ ਅੰਦਰ-ਅੰਦਰ ਸਮੁੱਚੀ ਯੋਗ ਆਬਾਦੀ ਦੇ ਟੀਕਾਕਰਨ ਲਈ ਯਤਨ ਹੋਰ ਤੇਜ਼ ਕੀਤੇ ਜਾਣ ਅਤੇ ਟੀਕਾਕਰਨ ਤੋਂ ਬਾਅਦ ਜੇਕਰ ਕੋਈ ਮੌਤ ਹੋਈ ਹੈ ਤਾਂ ਉਸ ਦਾ ਵੀ ਲੇਖਾ-ਜੋਖਾ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਕੋਲ ਇਸ ਵੇਲੇ ਸਟਾਕ ਵਿੱਚ 3 ਲੱਖ ਕੋਵੀਸ਼ੀਲਡ ਅਤੇ ਇੱਕ ਲੱਖ ਕੋਵੈਕਸੀਨ ਮੌਜੂਦ ਹੈ। ਉਨ੍ਹਾਂ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵੀ ਵਿਆਪਕ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ।

ਕੈਪਟਨ ਨੇ ਕਰੋਨਾ ਨਾਲ ਹੋਈਆਂ ਮੌਤਾਂ ਅਤੇ ਪਾਜ਼ੀਟਿਵ ਮਾਮਲਿਆਂ ਦੇ ਅੰਕੜਿਆਂ ਵਿੱਚ ਨੂੰ ਵੇਖਦਿਆਂ ਕਿਹਾ ਕਿ ਹਾਲੇ ਵੀ ਸੂਬੇ ਵਿੱਚ, ਖ਼ਾਸ ਕਰਕੇ ਮੁਹਾਲੀ ਵਿੱਚ ਕਰੋਨਾ ਪਾਬੰਦੀਆਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ। ਕੈਪਟਨ ਨੇ ਕਿਹਾ ਕਿ ਇਸ ਸਬੰਧ ਵਿੱਚ ਢਿੱਲ ਵਰਤਣ ਦੀ ਕੋਈ ਗੁੰਜਾਇਸ਼ ਨਹੀਂ ਹੈ।

ਪੰਜਾਬ ਪੁਲਿਸ ਲਈ ਹਨ ਖ਼ਾਸ ਦਿਸ਼ਾ-ਨਿਰਦੇਸ਼

ਕੈਪਟਨ ਨੇ ਪੁਲਿਸ ਵਿਭਾਗ ਨੂੰ ਮੈਰਿਜ ਪੈਲਸਾਂ ਸਮੇਤ ਜਨਤਕ ਥਾਂਵਾਂ ‘ਤੇ ਕੋਵਿਡ ਸਬੰਧੀ ਹਦਾਇਤਾਂ ਦਾ ਪਾਲਣ ਨਾ ਵਰਤਣ ਵਾਲੇ ਲੋਕਾਂ ਨੂੰ ਟੈਸਟਿੰਗ ਲਈ ਲਿਜਾਣ ਦੇ ਹੁਕਮ ਦਿੱਤੇ ਹਨ। ਕੈਪਟਨ ਨੇ ਕਿਹਾ ਕਿ ਜੇਕਰ ਉਹ ਲੋਕ ਸਹਿਮਤ ਅਤੇ ਯੋਗ ਹੋਣ ਤਾਂ ਉਨ੍ਹਾਂ ‘ਤੇ ਬਿਨਾਂ ਕਿਸੇ ਤਰ੍ਹਾਂ ਦੇ ਦਬਾਅ ਦੀ ਵਰਤੋਂ ਕੀਤਿਆਂ ਟੀਕਾਕਰਨ ਲਈ ਲਿਜਾਇਆ ਜਾਵੇ।

ਸਿਹਤ ਕਾਮਿਆਂ ਲਈ ਕੀਤਾ ਵੱਡਾ ਐਲਾਨ

ਕੈਪਟਨ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ‘ਕੋਵਿਨ’ ਪੋਰਟਲ ਅਪਡੇਟ ਹੁੰਦਾ ਰਹੇ ਤਾਂ ਕਿ ਅਸਲ ਸਥਿਤੀ ਦਾ ਪਤਾ ਲੱਗਦਾ ਰਹੇ। ਕੈਪਟਨ ਨੇ ਟੀਕੇ ਲਾਉਣ ਵਾਲਿਆਂ ਲਈ ਓਵਰਟਾਈਮ ਭੱਤੇ ਅਤੇ ਹਫਤਾਵਰੀ ਛੁੱਟੀ ਤੁਰੰਤ ਦੇਣ ਦੇ ਹੁਕਮ ਵੀ ਜਾਰੀ ਕੀਤੇ ਹਨ, ਤਾਂ ਜੋ ਉਨ੍ਹਾਂ ਉੱਪਰ ਬੋਝ ਘਟਾਇਆ ਜਾ ਸਕੇ।

ਸਿਹਤ ਵਿਭਾਗ ਨੂੰ ਦਿੱਤੇ ਹੁਕਮ

ਕੈਪਟਨ ਨੇ ਸਿਹਤ ਵਿਭਾਗ ਨੂੰ ਕੋਵਿਡ ਦੇ ਲੱਛਣ ਵਾਲੇ ਵਿਅਕਤੀਆਂ ਨੂੰ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਵਿੱਚ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ੂਗਰ, ਹਾਈਪਰਟੈਂਸ਼ਨ, ਕਿਡਨੀ/ਫੇਫੜਿਆਂ ਆਦਿ ਦੀ ਬਿਮਾਰੀ ਵਾਲੇ ਮਰੀਜ਼ਾਂ ਦੀ ਜਾਂਚ ਕਰਵਾਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਣ ਦੀ ਸੂਰਤ ਵਿੱਚ ਹਸਪਤਾਲ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਜਾਵੇ ਅਤੇ ਯੋਗ ਵਿਅਕਤੀ ਨੂੰ ਟੀਕਾਕਰਨ ਲਈ ਵੀ ਪਹਿਲ ਦਿੱਤੀ ਜਾਵੇ।

ਕੈਪਟਨ ਨੇ ਸੰਪਰਕ ਟਰੇਸਿੰਗ ਘੱਟ ਹੋਣ ਬਾਰੇ ਸਿਹਤ ਵਿਭਾਗ ਨੂੰ ਹਰੇਕ ਪਾਜ਼ੀਟਿਵ ਮਰੀਜ਼ ਪਿੱਛੇ 30 ਸੰਪਰਕਾਂ ਦਾ ਪਤਾ ਲਗਾਉਣ ਦਾ ਟੀਚਾ ਮਿੱਥਣ ਦੇ ਹੁਕਮ ਦਿੱਤੇ। ੳਨ੍ਹਾਂ ਨੇ ਕਿਹਾ ਕਿ ਟਰੇਸ ਕੀਤੇ ਗਏ 100 ਫੀਸਦੀ ਸੰਪਰਕਾਂ ਦਾ ਆਰ.ਏ.ਟੀ. ਨਾਲ ਟੈਸਟ ਕੀਤਾ ਜਾਣਾ ਲਾਜ਼ਮੀ ਹੈ ਤਾਂ ਜੋ ਉਨ੍ਹਾਂ ਦੀ ਜਲਦ ਪਛਾਣ ਕੀਤੀ ਜਾ ਸਕੇ ਅਤੇ ਪਾਜ਼ੀਟਿਵ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਰ.ਟੀ.ਪੀ.ਸੀ.ਆਰ. ਦੇ ਨਮੂਨੇ ਲੈਣ ਅਤੇ ਨਤੀਜੇ ਦੇਣ ਦਾ ਸਮਾਂ ਇੱਕ ਦਿਨ ਤੋਂ ਵੀ ਘੱਟ ਕਰਨ ਦੀ ਜ਼ਰੂਰਤ ਹੈ। ਕੈਪਟਨ ਨੇ ਟੈਸਟਿੰਗ ਲਈ ਪ੍ਰਾਈਵੇਟ ਲੈਬਾਂ ਅਤੇ ਸੁਚੱਜੇ ਢੰਗ ਨਾਲ ਕੰਮ ਕਰਨ ਵਾਲੇ ਹਸਪਤਾਲਾਂ ਦੀ ਮਨਜ਼ੂਰ ਕੀਤੀ ਗਈ ਸੂਚੀ ਨੂੰ ਤੁਰੰਤ ਜਨਤਕ ਦਾਇਰੇ ਵਿੱਚ ਪਾਉਣ ਦੇ ਨਿਰਦੇਸ਼ ਦਿੱਤੇ ਹਨ।

ਹਸਪਤਾਲਾਂ ‘ਚ ਵੈਂਟੀਲੇਟਰ ਦਿੱਤੇ ਜਾਣ ਸਬੰਧੀ ਹਦਾਇਤ

ਕੈਪਟਨ ਨੇ ਵੈਂਟੀਲੇਟਰ ਉਨ੍ਹਾਂ ਹਸਪਤਾਲਾਂ ਨੂੰ ਦੇਣ ਦੇ ਨਿਰਦੇਸ਼ ਦਿੱਤੇ ਹਨ, ਜਿੱਥੇ ਇਨ੍ਹਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਆਕਸੀਜਨ ਕਿੱਟਾਂ ਅਤੇ ਹੋਰ ਦਵਾਈਆਂ ਢੁੱਕਵੀਂ ਮਾਤਰਾ ਵਿੱਚ ਉਪਲਬਧ ਹਨ ਅਤੇ ਇਨ੍ਹਾਂ ਦੀ ਵਰਤੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ।

ਕੈਪਟਨ ਦਾ ਫੂਡ ਪੈਕੇਜ ਕੀ ਹੈ ?

ਕੈਪਟਨ ਨੇ ਅੱਜ ਫੂਡ ਕਿੱਟਾਂ ਵੰਡਣ ਦੀ ਵੀ ਸ਼ੁਰੂਆਤ ਕੀਤੀ, ਜੋ ਉਨ੍ਹਾਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣੀਆਂ ਹਨ ਜੋ ਗਰੀਬ ਹਨ ਅਤੇ ਜਿਨ੍ਹਾਂ ਨੂੰ ਕਰੋਨਾ ਰਿਕਵਰੀ ਦੌਰਾਨ ਆਪਣਾ ਰੁਜ਼ਗਾਰ ਚਲੇ ਜਾਣ ਕਰਕੇ ਵੱਡੀ ਮਾਰ ਪਈ ਹੈ। ਕੈਪਟਨ ਨੇ ਕਿਹਾ ਕਿ ਇਹ ਕਿੱਟਾਂ ਮਰੀਜ਼ ਦੇ ਪਾਜ਼ੀਟਿਵ ਪਾਏ ਜਾਣ ‘ਤੇ ਉਸੇ ਦਿਨ ਉਨ੍ਹਾਂ ਤੱਕ ਪਹੁੰਚਾਈਆਂ ਜਾਣਗੀਆਂ। ਜਾਣਕਾਰੀ ਮੁਤਾਬਕ ਰਾਸ਼ਨ ਕਿੱਟ ਵਿੱਚ 10 ਕਿੱਲੋ ਕਣਕ ਦਾ ਆਟਾ, 2 ਕਿਲੋ ਕਾਲੇ ਛੋਲੇ ਅਤੇ 2 ਕਿਲੋ ਖੰਡ ਹੋਵੇਗੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਰਿਵਿਊ ਬੈਠਕ ਵਿੱਚ ਹੋਈ ਵਰਚੂਅਲ ਮੀਟਿੰਗ ਦੌਰਾਨ ਸੂਬੇ ਵਿੱਚ ਕੋਵਿਡ ਅਤੇ ਵੈਕਸੀਨ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੀਟਿੰਗ ਵਿੱਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਸਮੇਤ ਕਈ ਲੀਡਰ ਅਤੇ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਮਾਹਿਰ ਵੀ ਸ਼ਾਮਲ ਹੋਏ ਸਨ।