India International

ਸਾਊਦੀ ਅਰਬ ‘ਚ ਗਰਮੀ ਕਾਰਨ ਹੁਣ ਤੱਕ 1300 ਤੋਂ ਵੱਧ ਹਜ ਯਾਤਰੀਆਂ ਦੀ ਗਈ ਜਾਨ

ਸਾਊਦੀ ਅਰਬ ਦੇ ਮੱਕਾ ਸ਼ਹਿਰ ‘ਚ ਬੇਹੱਦ ਗਰਮੀ ਹੈ। ਇਸ ਗਰਮੀ ਨੇ ਹੁਣ ਤੱਕ 1300 ਤੋਂ ਵੱਧ ਹੱਜ ਯਾਤਰੀਆਂ ਦੀ ਜਾਨ ਲੈ ਲਈ ਹੈ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਹੱਜ ਯਾਤਰੀ ਵੀ ਸ਼ਾਮਲ ਹਨ ਜੋ ਕੁਝ ਸਮਾਂ ਪਹਿਲਾਂ ਹੱਜ ਲਈ ਸਾਊਦੀ ਅਰਬ ਆਏ ਸਨ।

ਹੁਣ ਤੱਕ ਕੁੱਲ 1301 ਲੋਕਾਂ ਦੀ ਹੋ ਚੁੱਕੀ ਹੈ ਮੌਤ
ਸਾਊਦੀ ਅਰਬ ਦੇ ਸਿਹਤ ਮੰਤਰੀ ਫਾਹਦ ਅਲ-ਜਲਾਜ਼ੇਲ ਨੇ ਐਤਵਾਰ ਨੂੰ ਦੱਸਿਆ ਕਿ ਇਸ ਸਾਲ ਹੱਜ ਯਾਤਰਾ ਦੌਰਾਨ ਹੁਣ ਤੱਕ ਕੁੱਲ 1,301 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਕਾਰੀ ਟੈਲੀਵਿਜ਼ਨ ਨੇ ਮੰਤਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸ਼ਰਧਾਲੂਆਂ ਦੀ ਮੌਤ “ਸਿੱਧੀ ਧੁੱਪ ਵਿੱਚ ਲੰਮੀ ਦੂਰੀ ਦਾ ਸਫ਼ਰ ਕਰਨ ਲਈ ਢੁਕਵੀਂ ਆਸਰਾ ਜਾਂ ਆਰਾਮ ਤੋਂ ਬਿਨਾਂ” ਕਾਰਨ ਹੋਈ।

ਮਰਨ ਵਾਲਿਆਂ ਵਿੱਚ ਕਈ ਬਜ਼ੁਰਗ ਲੋਕ ਅਤੇ ਭਿਆਨਕ ਬਿਮਾਰੀਆਂ ਤੋਂ ਪੀੜਤ ਲੋਕ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਗਭਗ 83 ਫੀਸਦੀ ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਹਨ ਜਿਨ੍ਹਾਂ ਨੂੰ ਤੀਰਥ ਯਾਤਰਾ ਕਰਨ ਦੀ ਆਗਿਆ ਨਹੀਂ ਸੀ। ਇਸ ਸਾਲ ਮੱਕਾ ਵਿੱਚ ਗਰਮੀਆਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ, ਜੋ ਹੱਜ ਯਾਤਰੀਆਂ ਲਈ ਕਿਸੇ ਆਫ਼ਤ ਤੋਂ ਘੱਟ ਨਹੀਂ ਹੈ।

ਮਰਨ ਵਾਲਿਆਂ 98 ਭਾਰਤੀ ਵੀ ਸ਼ਾਮਲ

ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਸਾਲ ਹੱਜ ਯਾਤਰਾ ਦੌਰਾਨ 98 ਭਾਰਤੀਆਂ ਦੀ ਜਾਨ ਚਲੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਸਾਰੇ ਲੋਕਾਂ ਦੀ ਮੌਤ ਦਾ ਕਾਰਨ ਬੀਮਾਰੀ ਅਤੇ ਬੁਢਾਪਾ ਦੱਸਿਆ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਰ ਸਾਲ ਵੱਡੀ ਗਿਣਤੀ ‘ਚ ਭਾਰਤੀ ਹੱਜ ਯਾਤਰਾ ‘ਤੇ ਜਾਂਦੇ ਹਨ। ਇਸ ਸਾਲ ਵੀ 1 ਲੱਖ 75 ਹਜ਼ਾਰ ਸ਼ਰਧਾਲੂ ਹੱਜ ਕਰਨ ਲਈ ਸਾਊਦੀ ਅਰਬ ਪਹੁੰਚੇ ਹਨ, ਜਿਨ੍ਹਾਂ ‘ਚੋਂ ਹੁਣ ਤੱਕ 98 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਹੱਜ ਯਾਤਰਾ ਦੌਰਾਨ 187 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ।

ਬਿਨਾਂ ਰਜਿਸਟ੍ਰੇਸ਼ਨ ਦੇ ਹੱਜ ਲਈ ਆਉਣ ਕਾਰਨ ਮੁਸ਼ਕਲਾਂ ਵਧ ਗਈਆਂ

ਹੱਜ ਯਾਤਰਾ ਲਈ ਵਿਸ਼ੇਸ਼ ਹੱਜ ਵੀਜ਼ਾ ਦੀ ਲੋੜ ਹੁੰਦੀ ਹੈ। ਹਾਲਾਂਕਿ, ਕੁਝ ਲੋਕ ਇਸ ਦੀ ਬਜਾਏ ਟੂਰਿਸਟ ਵੀਜ਼ਾ ਲੈ ਕੇ ਸਾਊਦੀ ਆਉਂਦੇ ਹਨ ਅਤੇ ਹੱਜ ‘ਤੇ ਜਾਂਦੇ ਹਨ। ਸਾਊਦੀ ਦੇ ਇਕ ਅਧਿਕਾਰੀ ਮੁਤਾਬਕ ਇਸ ਵਾਰ ਰਜਿਸਟ੍ਰੇਸ਼ਨ ਤੋਂ ਬਿਨਾਂ ਹਜ ਲਈ ਆਉਣ ਵਾਲੇ ਲੋਕਾਂ ਕਾਰਨ ਭੀੜ ਵਧ ਗਈ।

ਦੂਜੇ ਪਾਸੇ ਬਿਨਾਂ ਵੀਜ਼ੇ ਤੋਂ ਹੱਜ ਲਈ ਆਉਣ ਵਾਲੇ ਲੋਕ ਸਿਹਤ ਸਬੰਧੀ ਸਮੱਸਿਆਵਾਂ ਹੋਣ ’ਤੇ ਵੀ ਪ੍ਰਸ਼ਾਸਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਵੀ ਇਸ ਸਾਲ ਮੌਤਾਂ ਦੀ ਗਿਣਤੀ ਵਧੀ ਹੈ। ਦਰਅਸਲ, ਨੁਸੁਕ ਕਾਰਡ ਹੱਜ ਯਾਤਰੀਆਂ ਦੀ ਪਛਾਣ ਲਈ ਜਾਰੀ ਕੀਤਾ ਜਾਂਦਾ ਹੈ। ਹਾਲਾਂਕਿ ਇਨ੍ਹਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬਿਨਾਂ ਹੱਜ ਵੀਜ਼ੇ ਤੋਂ ਆਉਣ ਵਾਲਿਆਂ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ, ਜਿਸ ਕਾਰਨ ਸੈਲਾਨੀ ਵੀ ਹੱਜ ਕਰਨ ਵਿਚ ਸਫਲ ਹੋ ਜਾਂਦੇ ਹਨ।

ਇਹ ਵੀ ਪੜ੍ਹੋ – ਰਾਜਸਥਾਨ ਜੁਡੀਸ਼ੀਅਲ ਪੇਪਰ ’ਚ ਗੁਰਸਿੱਖ ਲੜਕੀ ਨੂੰ ਕਿਰਪਾਨ ਪਹਿਨਣ ਕਰਕੇ ਅੰਦਰ ਜਾਣ ਤੋਂ ਰੋਕਿਆ, ਗੁਰਸਿੱਖ ਲੜਕੀ ਦੇ ਹੱਕ ‘ਚ ਆਏ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ