India

ਬਰਫ਼ ਨੇ ਢੱਕੀਆਂ ਹਿਮਾਚਲ ਦੀਆਂ ਪਹਾੜੀਆਂ, ਮਨਾਲੀ-ਡਲਹੌਜ਼ੀ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ

Snow covered hills of Himachal, first snowfall of the season in Manali-Dalhousie

ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢਕੀਆਂ ਹੋਈਆਂ ਹਨ। ਮਨਾਲੀ, ਡਲਹੌਜ਼ੀ, ਨਾਰਕੰਡਾ, ਖੜ੍ਹਾਪੱਥਰ ਦੇ ਨਾਲ-ਨਾਲ ਭਰਮੌਰ, ਉਦੈਪੁਰ, ਕੇਲਾਂਗ, ਕੋਕਸਰ ਅਤੇ ਸਿਸੂ ਵਿੱਚ ਤਾਜ਼ਾ ਬਰਫ਼ਬਾਰੀ ਹੋਈ। ਇਨ੍ਹਾਂ ‘ਚੋਂ ਕਈ ਥਾਵਾਂ ‘ਤੇ ਅਗਲੇ ਦੋ ਦਿਨਾਂ ਤੱਕ ਬਰਫ਼ਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ।

ਅਟਲ ਸੁਰੰਗ ‘ਤੇ ਬਰਫ਼ ਦੀ ਇਕ ਫੁੱਟ ਮੋਟੀ ਪਰਤ ਜਮ੍ਹਾ ਹੋ ਗਈ ਹੈ, ਜਦਕਿ ਕੁਫ਼ਰੀ ‘ਚ 2 ਸੈਂਟੀਮੀਟਰ ਬਰਫ ਪਈ ਹੈ। ਇਸ ਸਰਦੀਆਂ ਦੇ ਮੌਸਮ ਦੌਰਾਨ ਹਿਮਾਚਲ ਦੇ ਜ਼ਿਆਦਾਤਰ ਸਥਾਨਾਂ ‘ਤੇ ਇਹ ਪਹਿਲੀ ਬਰਫ਼ਬਾਰੀ ਹੈ। ਮੌਸਮ ਵਿਭਾਗ ਨੇ ਵੀਰਵਾਰ ਤੱਕ ਕਈ ਥਾਵਾਂ ‘ਤੇ ਭਾਰੀ ਬਰਫ਼ਬਾਰੀ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ।

ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ

ਸੈਲਾਨੀ ਅਗਲੇ 10 ਤੋਂ 12 ਦਿਨਾਂ ਤੱਕ ਸ਼ਿਮਲਾ ਦੇ ਨਾਰਕੰਡਾ ਅਤੇ ਹਟੂ ਵਿੱਚ ਬਰਫਬਾਰੀ ਦੇਖ ਸਕਣਗੇ। ਸੀਸੂ, ਕੋਕਸਰ ਅਤੇ ਅਟਲ ਸੁਰੰਗ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਇੱਕ ਮਹੀਨੇ ਤੱਕ ਬਰਫਬਾਰੀ ਹੋਵੇਗੀ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਅਗਲੇ 5 ਦਿਨਾਂ ਤੱਕ ਉੱਚਾਈ ਵਾਲੇ ਇਲਾਕਿਆਂ ਵਿੱਚ ਨਾ ਜਾਣ ਦੀ ਐਡਲਾਇਜ਼ਰੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਮੁਤਾਬਕ ਜੇਕਰ ਅਗਲੇ ਦੋ-ਤਿੰਨ ਦਿਨ ਬਰਫਬਾਰੀ ਜਾਰੀ ਰਹੀ ਤਾਂ ਸੈਲਾਨੀਆਂ ਨੂੰ ਸ਼ਿਮਲਾ, ਮਨਾਲੀ, ਕੁਫਰੀ, ਨਾਰਕੰਡਾ ਅਤੇ ਡਲਹੌਜ਼ੀ ਆਦਿ ‘ਚ ਇਕ ਮਹੀਨੇ ਤੱਕ ਬਰਫਬਾਰੀ ਦੇਖਣ ਨੂੰ ਮਿਲੇਗੀ।

ਭਾਰੀ ਬਰਫ਼ਬਾਰੀ ਨੇ ਹਿਮਾਚਲ ਦਾ ਜਨਜੀਵਨ ਵੀ ਪ੍ਰਭਾਵਿਤ ਕੀਤਾ ਹੈ। ਕੁੱਲੂ, ਲਾਹੌਲ-ਸਪੀਤੀ, ਕਿਨੌਰ ਅਤੇ ਚੰਬਾ ਜ਼ਿਲ੍ਹਿਆਂ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਕਾਰਨ ਚਾਰ ਕੌਮੀ ਮਾਰਗਾਂ ਸਮੇਤ 130 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। 395 ਟਰਾਂਸਫ਼ਾਰਮਰ ਫੇਲ ਹੋਣ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ।