India Manoranjan

ਯੂਟਿਊਬਰ ਐਲਵਿਸ਼ ਯਾਦਵ ’ਤੇ ED ਦਾ ਸ਼ਿਕੰਜਾ! ਸੱਪ ਦਾ ਜ਼ਹਿਰ ਸਪਲਾਈ ਕਰਨ ਵਾਲੇ ਸਪੇਰੇ ਦਾ ਹੈਰਾਨੀਜਨਕ ਬਿਆਨ ਆਇਆ ਸਾਹਮਣੇ

ਯੂਟਿਊਬਰ ਐਲਵਿਸ਼ ਯਾਦਵ ਦੀਆਂ ਮੁਸ਼ਕਿਲਾਂ ਜਲਦ ਵਧਣ ਵਾਲੀਆਂ ਹਨ। ਨੋਇਡਾ ਪੁਲਿਸ ਤੋਂ ਬਾਅਦ ਹੁਣ ਈਡੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਈਡੀ ਨੇ ਹੁਣ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ‘ਚ ਨੋਇਡਾ ਪੁਲਿਸ ਨੇ ਅਦਾਲਤ ‘ਚ 1200 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ‘ਚ ਨੋਇਡਾ ਪੁਲਿਸ ਨੇ ਐਲਵਿਸ਼ ਅਤੇ ਉਸ ਦੇ 8 ਸਾਥੀਆਂ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਸਾਬਤ ਕਰਨ ਦੀ ਗੱਲ ਕਹੀ ਹੈ। ਈਡੀ ਹੁਣ ਨੋਇਡਾ ਪੁਲਿਸ ਤੋਂ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਇਕੱਠੀ ਕਰੇਗੀ ਅਤੇ ਚਾਰਜਸ਼ੀਟ ਵਿੱਚ ਦਰਜ ਅਹਿਮ ਸਬੂਤਾਂ ਦੇ ਜ਼ਰੀਏ ਆਪਣੀ ਜਾਂਚ ਨੂੰ ਅੱਗੇ ਵਧਾਏਗੀ।

ਇਸ ਮਾਮਲੇ ‘ਚ ਨੋਇਡਾ ਪੁਲਿਸ ਨੇ ਐਲਵਿਸ਼, ਵਿਨੈ ਤੇ ਈਸ਼ਵਰ ਦੇ ਮੋਬਾਈਲ ਫ਼ੋਨ ਫੋਰੈਂਸਿਕ ਲੈਬ ‘ਚ ਭੇਜ ਦਿੱਤੇ ਹਨ, ਜਿਸ ‘ਚ ਮੌਜੂਦ ਕਈ ਰਾਜ਼ ਜਲਦ ਹੀ ਸਾਹਮਣੇ ਆਉਣਗੇ। ਜਾਣਕਾਰੀ ਮੁਤਾਬਕ ਗੁਰੂਗ੍ਰਾਮ ਦੇ ਇਕ ਹੋਟਲ ‘ਚ ਐਲਵਿਸ਼ ਅਤੇ ਵਿਨੈ ਦੀ ਸਾਂਝੇਦਾਰੀ ਵੀ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਈਡੀ ਹੁਣ ਤੱਕ ਵਿਨੈ ਯਾਦਵ ਅਤੇ ਈਸ਼ਵਰ ਤੋਂ ਪੁੱਛਗਿੱਛ ਕਰ ਚੁੱਕੀ ਹੈ। ਹੁਣ ਜਲਦੀ ਹੀ ਅਲਵਿਸ਼ ਯਾਦਵ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਉੱਧਰ ਐਲਵਿਸ਼ ਯਾਦਵ ਨੂੰ ਸੱਪ ਅਤੇ ਸੱਪ ਦਾ ਜ਼ਹਿਰ ਸਪਲਾਈ ਕਰਨ ਵਾਲੇ ਸਪੇਰੇ ਰਾਹੁਲ ਨਾਥ ਦਾ ਬੜਾ ਹਾਸੋਹੀਣਾ ਬਿਆਨ ਸਾਹਮਣੇ ਆਇਆ ਹੈ। ਉਸ ਦੀਆਂ ਦਲੀਲਾਂ ਸੁਣ ਕੇ ਅਦਾਲਤ ਦੇ ਜੱਜ ਵੀ ਹੱਸਣ ਲੱਗ ਪਏ। ਰਾਹੁਲ ਦਾ ਕਹਿਣਾ ਹੈ ਕਿ ਪੁਲਿਸ ਨੇ ਉਸ ਸਬੰਧੀ ਅਦਾਲਤ ਵਿੱਚ ਝੂਠੇ ਸਬੂਤ ਪੇਸ਼ ਕੀਤੇ ਹਨ।

ਨੋਇਡਾ ਪੁਲਿਸ ਨੇ 2 ਨਵੰਬਰ, 2023 ਨੂੰ ਐਲਵਿਸ਼ ਯਾਦਵ ਦੇ ਮਾਮਲੇ ਵਿੱਚ 5 ਸਪੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ 32 ਸਾਲਾ ਰਾਹੁਲ ਨੂੰ ਮੁੱਖ ਦੋਸ਼ੀ ਬਣਾਇਆ ਹੈ। ਹਾਲਾਂਕਿ 3 ਹਫ਼ਤਿਆਂ ਦੇ ਅੰਦਰ ਹੀ ਸਾਰੇ ਸਪੇਰਿਆਂ ਨੂੰ ਜ਼ਮਾਨਤ ਮਿਲ ਗਈ ਹੈ।

ਰਾਹੁਲ ਨਾਥ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਪੁਲਿਸ ਨੇ ਮੈਨੂੰ 24 ਘੰਟਿਆਂ ਦੇ ਰਿਮਾਂਡ ’ਤੇ ਲਿਆ ਸੀ। 16 ਨਵੰਬਰ ਨੂੰ ਰਾਤ ਕਰੀਬ 12 ਵਜੇ ਪੁਲਿਸ ਵਾਲਿਆਂ ਨੇ ਮੈਨੂੰ ਜਗਾਇਆ। ਜੰਗਲਾਤ ਵਿਭਾਗ ਦੇ ਲੋਕ ਵੀ ਉਨ੍ਹਾਂ ਦੇ ਨਾਲ ਸਨ। ਇੱਕ ਨਹਿਰ ਦੇ ਰਸਤੇ ਥਾਣੀਂ ਉਹ ਮੈਨੂੰ ਜੰਗਲ ਵੱਲ ਲੈ ਗਏ। ਉਨ੍ਹਂ ਉਸ ਨੂੰ ਰਸਤੇ ਵਿੱਚ ਰੋਕਿਆ ਤੇ ਕਹਿੰਦੇ ਸੱਪ ਫੜੋ। ਮੈਂ ਕਿਹਾ ਕਿ ਮੈਨੂੰ ਸੱਪਾਂ ਨੂੰ ਫੜਨਾ ਨਹੀਂ ਆਉਂਦਾ। ਕੁਝ ਸਮੇਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਉੱਥੋਂ ਦੋ ਸੱਪ ਫੜ ਲਏ। ਉਨ੍ਹਾਂ ਨੇ ਸੱਪਾਂ ਨੂੰ ਬੋਰੀ ਵਿੱਚ ਪਾ ਲਿਆ ਤੇ ਕਹਿੰਦੇ ਇਸ ਨੂੰ ਫੜ ਲਵੋ, ਵੀਡੀਓ ਬਣਾਉਣੀ ਹੈ।

ਰਾਹੁਲ ਨੇ ਅੱਗੇ ਕਿਹਾ ਕਿ ਪੁਲਿਸ ਨੇ ਫਿਰ ਮੇਰੀਆਂ ਫੋਟੋਆਂ ਖਿੱਚੀਆਂ ਤੇ ਵੀਡੀਓ ਬਣਾਈਆਂ। ਅਗਲੇ ਦਿਨ ਮੈਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਸੱਪ ਮੈਂ ਰੱਖੇ ਹੋਏ ਸਨ। ਮੈਂ ਦੋ ਹਫ਼ਤੇ ਜੇਲ੍ਹ ਵਿੱਚ ਰਿਹਾ। ਤੁਸੀਂ ਆਪ ਹੀ ਸੋਚੋ ਕਿ ਜੇ ਮੈਂ ਸੱਪਾਂ ਨੂੰ ਰੱਖਿਆ ਹੁੰਦਾ ਤਾਂ ਉਹ ਇੰਨੇ ਸਮੇਂ ਤੱਕ ਜਿਉਂਦੇ ਕਿਵੇਂ ਰਹਿੰਦੇ। ਜਦੋਂ ਅਦਾਲਤ ਵਿੱਚ ਇਹ ਸਵਾਲ ਪੁੱਛਿਆ ਗਿਆ ਤਾਂ ਜੱਜ ਵੀ ਹੱਸਣ ਲੱਗੇ। ਇਹੀ ਕਾਰਨ ਹੈ ਕਿ ਇਸ ਕੇਸ ਵਿੱਚ ਸਭ ਤੋਂ ਪਹਿਲਾਂ ਮੈਨੂੰ ਜ਼ਮਾਨਤ ਮਿਲੀ ਸੀ।

ਪੁਲਿਸ ਨੇ 17 ਮਾਰਚ 2024 ਨੂੰ ਐਲਵਿਸ਼ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ 22 ਮਾਰਚ ਨੂੰ ਜ਼ਮਾਨਤ ਵੀ ਮਿਲ ਗਈ ਸੀ। ਇਹ ਕਾਰਵਾਈ ਭਾਜਪਾ ਆਗੂ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲਜ਼ ਯਾਨੀ PFA ਵੱਲੋਂ ਦਰਜ ਕਰਵਾਈ ਗਈ FIR ’ਤੇ ਕੀਤੀ ਗਈ ਹੈ। ਐਫਆਈਆਰ ਵਿੱਚ ਲਿਖਿਆ ਗਿਆ ਸੀ ਕਿ ਐਲਵਿਸ਼ ਦਿੱਲੀ-ਐਨਸੀਆਰ ਵਿੱਚ ਇੱਕ ਫਾਰਮ ਹਾਊਸ ਵਿੱਚ ਜ਼ਿੰਦਾ ਸੱਪਾਂ ਨਾਲ ਲਾਈਵ ਵੀਡੀਓ ਸ਼ੂਟ ਕਰਦਾ ਹੈ।

ਦਰਅਸਲ 2 ਨਵੰਬਰ, 2023 ਨੂੰ, ਪੁਲਿਸ ਨੇ ਨੋਇਡਾ ਦੇ ਸੈਕਟਰ-51 ਵਿੱਚ ਸ਼ੈਵਰੋਨ ਬੈਂਕੁਏਟ ਹਾਲ ਦੇ ਨੇੜੇ 5 ਸਪੇਰੇ ਫੜੇ ਸਨ। ਉਨ੍ਹਾਂ ਕੋਲੋਂ 9 ਸੱਪ ਅਤੇ 20ml ਸੱਪ ਦਾ ਜ਼ਹਿਰ ਬਰਾਮਦ ਹੋਇਆ ਸੀ। ਇਸ ਮਾਮਲੇ ਵਿੱਚ ਪੀਐਫਏ ਦੇ ਗੌਰਵ ਗੁਪਤਾ ਦੀ ਸ਼ਿਕਾਇਤ ਉੱਤੇ ਐਫਆਈਆਰ ਦਰਜ ਕੀਤੀ ਗਈ ਸੀ। ਸੱਪਾਂ ਤੋਂ ਮਿਲੇ ਜ਼ਹਿਰ ਦੀ ਜੈਪੁਰ ਫੋਰੈਂਸਿਕ ਲੈਬ ਵਿੱਚ ਜਾਂਚ ਕੀਤੀ ਗਈ। ਇਸ ਵਿੱਚ ਕੋਬਰਾ, ਕ੍ਰੇਟ, ਰਸਲ ਤੇ ਸਾ-ਸਕੇਲਡ ਵਾਈਪਰ ਦਾ ਜ਼ਹਿਰ ਹੋਣ ਦੀ ਪੁਸ਼ਟੀ ਹੋਈ ਹੈ।

ਪੁਲਿਸ ਦਾ ਇਲਜ਼ਾਮ ਹੈ ਕਿ ਇਨ੍ਹਾਂ ਸੱਪਾਂ ਅਤੇ ਜ਼ਹਿਰਾਂ ਦੀ ਵਰਤੋਂ ਦਿੱਲੀ-ਐਨਸੀਆਰ ਵਿੱਚ ਹੋਣ ਵਾਲੀਆਂ ਰੇਵ ਪਾਰਟੀਆਂ ਵਿੱਚ ਕੀਤੀ ਜਾਂਦੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਐਲਵਿਸ਼ ਯਾਦਵ ਵੀ ਅਜਿਹੀਆਂ ਪਾਰਟੀਆਂ ਦੇ ਆਯੋਜਨ ਵਿੱਚ ਸ਼ਾਮਲ ਹੈ।

ਇਹ ਵੀ ਪੜ੍ਹੋ – ਚੋਣ ਕਮਿਸ਼ਨ ਨੇ ਜਲੰਧਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਗੈਰ-ਚੋਣ ਡਿਊਟੀਆਂ ਸੌਪੀਆਂ