ਜਲੰਧਰ-ਪਠਾਨਕੋਟ ਰੇਲਵੇ ਟਰੈਕ ‘ਤੇ ਪੈਂਦੇ ਪਿੰਡ ਕਰਾਲਾ ਨੇੜੇ ਸ਼ਨਿਚਰਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਕ੍ਰਾਂਤੀ ਐਕਸਪ੍ਰੈੱਸ ਦੇ ਏਸੀ ਡੱਬੇ ਹੇਠੋਂ ਅਚਾਨਕ ਧੂੰਆਂ ਨਿਕਲਣ ਲੱਗਾ। ਡਰਾਈਵਰ ਨੇ ਤੁਰੰਤ ਬ੍ਰੇਕ ਲਾ ਦਿੱਤੀ। ਧੂਏ ਕਾਰਨ ਯਾਤਰੀਆਂ ‘ਚ ਹਫੜਾ-ਤਫੜੀ ਮਚ ਗਈ। ਜਿਸ ਤੋਂ ਬਾਅਦ ਇਲਾਕੇ ਦੀ ਫਾਇਰ ਬ੍ਰਿਗੇਡ ਦੀ ਟੀਮ ਵੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਹਲਾਂਕਿ ਇਸ ਘਟਨਾ ‘ਚ ਡਰਨ ਵਾਲੀ ਕੋਈ ਗੱਲ ਨਹੀਂ ਸੀ। ਮਾਮੂਲੀ ਮੁਰੰਮਤ ਤੋਂ ਬਾਅਦ ਟ੍ਰੇਨ ਨੂੰ ਦੁਬਾਰਾ ਰਵਾਨਾ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਉੱਤਰ ਕ੍ਰਾਂਤੀ ਐਕਸਪ੍ਰੈਸ ਟ੍ਰੇਨ ਪਠਾਨਕੋਟ ਵੱਲ ਜਾ ਰਹੀ ਸੀ। ਜਦੋਂ ਇਹ ਟ੍ਰੇਨ ਕਰੀਬ ਸਾਢੇ ਅੱਠ ਵਜੇ ਟਾਂਡਾ ਰੇਲਵੇ ਸਟੇਸ਼ਨ ਤੋਂ ਲੰਘੀ ਤਾਂ ਸਟੇਸ਼ਨ ਮਾਸਟਰ ਨੇ ਵੇਖਿਆ ਕਿ ਟਰੇਨ ਦੇ ਬੀ-5 ਕੋਚ ਦੇ ਚੱਕਿਆਂ ‘ਚੋਂ ਧੂਆਂ ਤੇ ਚੰਗਿਆੜੇ ਨਿਕਲ ਰਹੇ ਹਨ। ਧੂੰਆਂ ਨਿਕਲਣ ਤੋਂ ਬਾਅਦ ਟਰੇਨ ‘ਚ ਸਫਰ ਕਰ ਰਹੇ ਯਾਤਰੀਆਂ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਨੇੜਲੇ ਸਟੇਸ਼ਨ ਮਾਸਟਰ ਨੂੰ ਦਿੱਤੀ ਗਈ।
ਉਸਨੇ ਇਸਦੀ ਸੂਚਨਾ ਰੇਲਵੇ ਵਿਭਾਗ ਜ਼ਰੀਏ ਟਰੇਨ ਡਰਾਈਵਰ ਤਕ ਪਹੁੰਚਾਈ ਜਿਸ ਤੋਂ ਬਾਅਦ ਟ੍ਰੇਨ ਡਰਾਈਵਰ ਨੇ ਟਾਂਡਾ ਤੋਂ ਕਰੀਬ ਚਾਰ ਕਿੱਲੋਮੀਟਰ ਦੂਰ ਪਿੰਡ ਕੁਰਾਲਾ ਨੇੜੇ ਟ੍ਰੇਨ ਰੋਕ ਦਿੱਤੀ। ਯਾਤਰੀ ਟ੍ਰੇਨ ‘ਚੋਂ ਉਤਰ ਕੇ ਰੇਲਵੇ ਟਰੈਕ ਵੱਲ ਭੱਜਣ ਲੱਗ ਪਏ।
ਹਾਲਾਂਕਿ ਧੂੰਆਂ ਅੱਗ ਕਾਰਨ ਨਹੀਂ ਸਗੋਂ ਬਰੇਕ ਰਬੜ ਦੇ ਟੁੱਟਣ ਕਾਰਨ ਨਿਕਲ ਰਿਹਾ ਸੀ। ਮੌਕੇ ‘ਤੇ ਟਰੇਨ ਦੇ ਅੰਦਰ ਮੌਜੂਦ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਧੂੰਏਂ ਨੂੰ ਬੁਝਾ ਦਿੱਤਾ। ਟ੍ਰੇਨ ਡਰਾਈਵਰ ਤੇ ਰੇਲਵੇ ਵਿਭਾਗ ਦੀ ਹੁਸ਼ਿਆਰੀ ਕਾਰਨ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ ਤੇ ਟ੍ਰੇਨ ਆਪਣੇ ਸਫਰ ਵੱਲ ਰਵਾਨਾ ਹੋ ਗਈ ।