ਪਾਕਿਸਤਾਨ ਦੇ ਪੰਜਾਬ ਸੂਬੇ ਨੇ ਵੀ ਵਧਦੇ ਹਵਾ ਪ੍ਰਦੂਸ਼ਣ ਕਾਰਨ ਪਾਰਕਾਂ, ਚਿੜੀਆਘਰਾਂ, ਖੇਡ ਦੇ ਮੈਦਾਨਾਂ ਅਤੇ ਅਜਾਇਬ ਘਰਾਂ ਵਰਗੀਆਂ ਜਨਤਕ ਥਾਵਾਂ ‘ਤੇ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ‘ਚ ਧੂੰਏਂ ਦੇ ਵਧਣ ਕਾਰਨ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ‘ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ 17 ਨਵੰਬਰ ਤੱਕ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ।
ਲਾਹੌਰ ‘ਚ ਵੀਰਵਾਰ ਨੂੰ ਧੂੰਏਂ ਦੀ ਸੰਘਣੀ ਪਰਤ ਸੀ। ਇਸ ਦੌਰਾਨ ਸ਼ਹਿਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਵੀ 1000 ਦੇ ਖ਼ਤਰਨਾਕ ਪੱਧਰ ਨੂੰ ਪਾਰ ਕਰ ਗਿਆ। ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਜਾਣ ਅਤੇ ਬੇਲੋੜੇ ਬਾਹਰ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਲਾਹੌਰ, ਗੁਰਜਨਵਾਲਾ, ਫੈਸਲਾਬਾਦ, ਮੁਲਤਾਨ, ਸ਼ੇਖੂਪੁਰਾ ਅਤੇ ਹੋਰ 12 ਸ਼ਹਿਰਾਂ ਵਿੱਚ ਇਹ ਪਾਬੰਦੀ 17 ਨਵੰਬਰ ਤੱਕ ਲਾਗੂ ਰਹੇਗੀ। ਸਰਕਾਰ ਨੇ ਸਕੂਲ ਅਤੇ ਕਾਲਜ ਪਹਿਲਾਂ ਹੀ ਬੰਦ ਕਰ ਦਿੱਤੇ ਹਨ। ਲਾਹੌਰ ਸਮੇਤ 18 ਜ਼ਿਲ੍ਹਿਆਂ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ।
ਪੰਜਾਬ ਸਰਕਾਰ ਨੇ ਪਿਛਲੇ ਹਫ਼ਤੇ ਹੀ ਧੂੰਏਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਇਸ ਤੋਂ ਇਲਾਵਾ ਲਾਹੌਰ ਦੇ ਕਈ ਇਲਾਕਿਆਂ ‘ਚ ਗ੍ਰੀਨ ਲਾਕਡਾਊਨ ਵੀ ਲਾਗੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਸੂਬੇ ‘ਚ ਨਕਲੀ ਬਾਰਿਸ਼ ਕਰਵਾਉਣ ‘ਤੇ ਵੀ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ – ਹਰਿਆਣਾ ‘ਚ 4 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੈਲਮੇਟ ਲਾਜ਼ਮੀ: ਹਾਈ ਕੋਰਟ ਦਾ ਹੁਕਮ, ਪੰਜਾਬ-ਚੰਡੀਗੜ੍ਹ ‘ਚ ਵੀ ਲਾਗੂ