The Khalas Tv Blog Punjab ਕਰ ਲਓ ਤਿਆਰੀ, ਹੁਣ ਫੋਨ ਵਾਂਗ ਰੀਚਾਰਜ ਹੋਵੇਗਾ ਤੁਹਾਡਾ ਬਿਜਲੀ ਦਾ ਮੀਟਰ, 4 ਘੰਟੇ ਬਿੱਲ ਨਾ ਭਰਿਆ ਤਾਂ ਬੱਤੀ ਹੋ ਜਾਵੇਗੀ ਗੁੱਲ
Punjab

ਕਰ ਲਓ ਤਿਆਰੀ, ਹੁਣ ਫੋਨ ਵਾਂਗ ਰੀਚਾਰਜ ਹੋਵੇਗਾ ਤੁਹਾਡਾ ਬਿਜਲੀ ਦਾ ਮੀਟਰ, 4 ਘੰਟੇ ਬਿੱਲ ਨਾ ਭਰਿਆ ਤਾਂ ਬੱਤੀ ਹੋ ਜਾਵੇਗੀ ਗੁੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਦਾ ਬਿਜਲੀ ਵਿਭਾਗ ਸੂਬੇ ਦੇ ਬਿਜਲੀ ਖਪਤਕਾਰਾਂ ਲਈ ਨਵਾਂ ਸਮਾਰਟ ਮੀਟਰ ਸਿਸਟਮ ਜਲਦ ਸ਼ੁਰੂ ਕਰ ਰਿਹਾ ਹੈ। ਇਹ ਮੀਟਰ ਮੋਬਾਈਲ ਫ਼ੋਨ ਵਾਂਗ ਕੰਮ ਕਰਨਗੇ ਅਤੇ ਬਿੱਲ ਭਰਨ ਲਈ ਸਿਰਫ 4 ਘੰਟੇ ਦਾ ਸਮਾਂ ਮਿਲੇਗਾ।

ਪੰਜਾਬ ਬਿਜਲੀ ਪਾਵਰਕਾਮ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਏ ਜਾ ਰਹੇ ਸਮਾਰਟ ਬਿਜਲੀ ਮੀਟਰ ਦਾ ਪੈਸਾ ਵੀ ਗਾਹਕਾਂ ਤੋਂ ਨਹੀਂ ਲਵੇਗਾ ਮੀਟਰ ਅਤੇ ਫਿਟਿੰਗ ਸਣੇ ਹਰ ਮੀਟਰ ਦਾ ਕਰੀਬ 7500 ਰੁਪਏ ਦਾ ਖ਼ਰਚਾ ਵੀ ਪਾਵਰਕਾਮ ਵੱਲੋਂ ਚੁੱਕਿਆ ਜਾਵੇਗਾ। ਜਾਣਕਾਰੀ ਅਨੁਸਾਰ ਪੰਜਾਬ ਦੇ ਪਹਿਲੇ ਫੇਜ਼ ਵਿੱਚ 90 ਹਜ਼ਾਰ ਸਮਾਰਟ ਮੀਟਰ ਲਗਾਏ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਸ਼ੁਰੂਆਤ ਲੁਧਿਆਣਾ ਅਤੇ ਮੁਹਾਲੀ ਤੋਂ ਕੀਤੀ ਜਾਵੇਗੀ।

ਪੰਜਾਬ ਵਿੱਚ ਦੋ ਤਰ੍ਹਾਂ ਦੇ ਮੀਟਰ ਲਗਾਏ ਜਾ ਰਹੇ ਹਨ। ਪਹਿਲਾ ਮੀਟਰ ਪ੍ਰੀਪੇਡ ਹੈ, ਜਿਸ ਦਾ ਕਾਰਡ ਬਿਜਲੀ ਦਫਤਰ ਤੋਂ ਮਿਲੇਗਾ ਅਤੇ ਮੋਬਾਈਲ ਫੋਨ ਦੇ ਰੀਚਾਰਜ ਦੀ ਤਰ੍ਹਾਂ ਪੈਸੇ ਜਮ੍ਹਾਂ ਕਰਕੇ ਬਿਜਲੀ ਮਿਲੇਗੀ। ਹਰ ਰੀਚਾਰਜ ਦੀ ਮਿਆਦ ਖ਼ਤਮ ਹੋਣ ਤੇ 4 ਘੰਟੇ ਬਿਜਲੀ ਚੱਲਦੀ ਰਹੇਗੀ। ਜੇਕਰ ਚਾਰ ਘੰਟੇ ਬਿਜਲੀ ਦਾ ਬਿੱਲ ਨਹੀਂ ਭਰਿਆ ਜਾਂਦਾ ਤਾਂ ਬਿਜਲੀ ਕੱਟ ਦਿੱਤੀ ਜਾਵੇਗੀ।

ਦੂਸਰਾ ਮੀਟਰ ਪੋਸਟਪੇਡ ਬਿਜਲੀ ਬਿੱਲ ਵਾਲਾ ਹੋਵੇਗਾ। ਇਸ ਦੀ ਰੀਡਿੰਗ ਖੁਦ ਹੀ ਪਾਵਰਕਾਮ ਦੇ ਸਰਵਰ ਵਿੱਚ ਲੋਡ ਹੋ ਜਾਏਗੀ। ਪੋਸਟਪੇਡ ਸਮਾਰਟ ਮੀਟਰ ਵੀ ਆਨਲਾਈਨ ਹੀ ਹਨ। ਪਾਵਰਕਾਮ ਦੇ ਉੱਤਰ ਜ਼ੋਨ ਦੇ ਚੀਫ ਇੰਜੀਨੀਅਰ ਜੈਨੇਂਦਰ ਦਾਨੀਆਂ ਨੇ ਕਿਹਾ ਕਿ ਸਮਾਰਟ ਮੀਟਰ ਦਾ ਪੈਸਾ ਜਨਤਾ ਤੋਂ ਵਸੂਲਣ ਦੇ ਹੁਕਮ ਨਹੀਂ ਹਨ। ਇਹ ਸਾਰਾ ਪੈਸਾ ਪਾਵਰਕਾਮ ਹੀ ਦੇਵੇਗਾ। 

ਜਾਣਕਾਰੀ ਅਨੁਸਾਰ ਹੁਣ 20 ਹਜ਼ਾਰ ਤੋਂ ਜ਼ਿਆਦਾ ਵਾਲੇ ਹਰ ਬਿੱਲ ਦੀ ਰਕਮ ਆਨਲਾਈਨ ਹੀ ਜਮ੍ਹਾਂ ਹੋਵੇਗੀ, ਇਸ ਵਿੱਚ ਉਪਭੋਗਤਾ ਨੂੰ 0.25 ਫੀਸਦ ਦੀ ਰਿਬੇਟ ਮਿਲੇਗੀ ਯਾਨੀ ਕਿ ਜੋ ਖ਼ਰਚਾ ਆਨਲਾਈਨ ਟ੍ਰਾਂਜੈਕਸ਼ਨ ਉੱਤੇ ਬੈਂਕ ਨੂੰ ਦਿੱਤਾ ਜਾਵੇਗਾ, ਉਨ੍ਹਾਂ ਹੀ ਪਾਵਰਕਾਮ ਉਸ ਨੂੰ ਦੇ ਕੇ ਖ਼ਰਚ ਬਰਾਬਰ ਕਰ ਦੇਵੇਗਾ।

ਇਸ ਤਰ੍ਹਾਂ ਕੰਮ ਕਰੇਗਾ ਪ੍ਰੀਪੇਡ ਮੀਟਰ

ਪ੍ਰੀਪੇਡ ਮੀਟਰ ਉੱਤੇ ਮੋਬਾਇਲ ਫੋਨ ਦੀ ਤਰ੍ਹਾਂ ਹੀ ਕੀ ਪੈਡ ਲੱਗਾ ਹੋਵੇਗਾ। ਕੀ ਪੈਡ ਉੱਤੇ ਨੰਬਰ ਕਲਿੱਕ ਕਰ ਕੇ ਕਾਰਡ ਐਕਟਿਵ ਕੀਤਾ ਜਾ ਸਕੇਗਾ ਤੇ ਜਦੋਂ ਕਾਰਡ ਖ਼ਤਮ ਹੋ ਜਾਵੇਗਾ ਤਾਂ ਮੀਟਰ ਬੀਪ ਕਰੇਗਾ। ਬੀਪ ਵੱਜਣ ਦੇ ਜ਼ਿਆਦਾ ਤੋਂ ਜ਼ਿਆਦਾ 4 ਘੰਟੇ ਦੇ ਅੰਦਰ ਨਵਾਂ ਰੀਚਾਰਜ ਕਰਾਉਣਾ ਹੋਵੇਗਾ।

ਕੋਈ ਨਹੀਂ ਆਵੇਗਾ ਬਿਜਲੀ ਦੇ ਮੀਟਰ ਦੀ ਰੀਡਿੰਗ ਲੈਣ

ਪਹਿਲੇ ਪੜਾਅ ਵਿੱਚ ਇਹ ਸਮਾਰਟ ਮੀਟਰ 4.5 ਲੱਖ ਖਪਤਕਾਰਾਂ ਦੇ ਘਰਾਂ ਵਿੱਚ ਲਾਏ ਜਾਣਗੇ। ਮੀਟਰ ਲਗਾਉਣ ਤੋਂ ਪਹਿਲਾਂ, ਪਾਵਰਕਾਮ ਵੱਲੋਂ ਪਟਿਆਲਾ ਦੀ ਐਮਈ ਲੈਬ ਵਿਖੇ ਸਮਾਰਟ ਮੀਟਰਾਂ ਦੀ ਜਾਂਚ ਮੁਕੰਮਲ ਕੀਤੀ ਜਾ ਚੁੱਕੀ ਹੈ। ਪਹਿਲੇ ਪੜਾਅ ਵਿੱਚ ਸਿੰਗਲ ਤੇ ਤਿੰਨ ਫੇਸ ਵਿੱਚ 4.5 ਲੱਖ ਸਮਾਰਟ ਮੀਟਰਾਂ ਦਾ ਆਰਡਰ ਪਾਵਰਕੌਮ ਨੂੰ ਦਿੱਤਾ ਗਿਆ ਹੈ। ਸਮਾਰਟ ਮੀਟਰ ਵਿੱਚ ਦੋਵੇਂ ਮੋਬਾਈਲ ਵਰਗੀਆਂ ਪੋਸਟਪੇਡ ਤੇ ਪ੍ਰੀਪੇਡ ਸਹੂਲਤਾਂ ਹੋਣਗੀਆਂ। ਖਪਤਕਾਰ 50 ਰੁਪਏ ਤੋਂ ਲੈ ਕੇ ਖਪਤ ਤੱਕ ਦੀ ਰਕਮ ਰੀਚਾਰਜ ਕਰ ਸਕਣਗੇ। ਖਾਸ ਗੱਲ ਇਹ ਵੀ ਹੋਏਗੀ ਕਿ ਜੇ ਖਪਤਕਾਰਾਂ ਨੂੰ ਜ਼ਰੂਰਤ ਨਹੀਂ ਪਈ ਤਾਂ ਉਹ ਮੀਟਰ ਨੂੰ ਵੀ ਬੰਦ ਕਰ ਸਕਣਗੇ।

ਪਾਵਰਕਾਮ ਇਨ੍ਹਾਂ ਸਮਾਰਟ ਮੀਟਰਾਂ ਦੀ ਸਥਾਪਨਾ ਕਰਕੇ ਬਿਜਲੀ ਚੋਰੀ, ਲੋਡ ਸਿਸਟਮ, ਬਿੱਲ ਦੀ ਰਸੀਦ, ਭਰਨ ਆਦਿ ਦੀ ਪ੍ਰੇਸ਼ਾਨੀ ਤੋਂ ਵੀ ਛੁਟਕਾਰਾ ਪਾਏਗਾ। ਪਾਵਰਕਾਮ ਦੇ ਬੁਲਾਰੇ ਨੇ ਕਿਹਾ ਕਿ ਜੇ ਨਵਾਂ ਮੀਟਰ ਲਗਾਉਣ ਤੋਂ ਬਾਅਦ ਤੈਅ ਸਮੇਂ ਅੰਦਰ ਬਿਜਲੀ ਬਿੱਲ ਜਮ੍ਹਾ ਨਹੀਂ ਕੀਤਾ ਜਾਂਦਾ ਤਾਂ ਬਿਜਲੀ ਸਪਲਾਈ ਆਪਣੇ ਆਪ ਬੰਦ ਹੋ ਜਾਵੇਗੀ। ਜੇ ਘਰ ਵਿੱਚ ਤੈਅ ਵਰਤੋ ਤੋਂ ਵੱਧ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਲੋਡ ਕੰਟਰੋਲ ਤੋਂ ਬਾਅਦ ਹੀ ਸਪਲਾਈ ਨਿਰਵਿਘਨ ਹੋਵੇਗੀ। ਕੋਈ ਵੀ ਕਰਮਚਾਰੀ ਮੀਟਰ ਰੀਡਿੰਗ ਲੈਣ ਘਰ ਨਹੀਂ ਆਵੇਗਾ, ਬਿਜਲੀ ਦਫ਼ਤਰ ਤੋਂ ਹੀ ਰੀਡਿੰਗ ਦੇਖਣ ਨੂੰ ਮਿਲੇਗੀ।

Exit mobile version