Punjab

ਪੰਜਾਬ ਦੇ 13 ਹਜ਼ਾਰ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਲੀ ਸਮਾਰਟ ਸਿੱਖਿਆ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਸਰਕਾਰੀ ਸਕੂਲਾਂ ਦੇ ਸਿੱਖਿਆ ਮਿਆਰ ਵਿੱਚ ਹੋਰ ਸੁਧਾਰ ਲਿਆਉਣ ਅਤੇ ਸਕੂਲਾਂ ਵਿੱਚ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਹੁਣ ਤੱਕ ਤਕਰੀਬਨ 13 ਹਜ਼ਾਰ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਨਾਲ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲਾਂ ਤੋਂ ਦਾਖਲਿਆਂ ਵਿੱਚ ਵਾਧਾ ਹੋ ਰਿਹਾ ਹੈ। ਚਾਲੂ ਵਿੱਦਿਆਕ ਸੈਸ਼ਨ 2021-22 ਦੌਰਾਨ ਇਹ ਵਾਧਾ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ 15 ਫ਼ੀਸਦੀ ਤੋਂ ਵੀ ਵਧੇਰੇ ਹੋ ਗਿਆ ਹੈ।

ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 12 ਹਜ਼ਾਰ 976 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਿਆ ਗਿਆ ਹੈ। ਸਿੰਗਲਾ ਨੇ ਇਹ ਪ੍ਰੋਜੈਕਟ ਲਾਗੂ ਕਰਨ ਵਾਸਤੇ ਸਤੰਬਰ 2019 ਵਿੱਚ ਸਮਾਰਟ ਸਕੂਲ ਨੀਤੀ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦੇ ਤਹਿਤ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਤਕਰੀਬਨ 13 ਹਜ਼ਾਰ ਸਕੂਲਾਂ ਦੇ 41 ਹਜ਼ਾਰ 336 ਕਲਾਸ ਰੂਮਾਂ ਨੂੰ ਸਮਾਰਟ ਕਲਾਸ ਰੂਮ ਬਣਾਇਆ ਜਾ ਚੁੱਕਿਆ ਹੈ।

ਜਾਣਕਾਰੀ ਮੁਤਾਬਕ ਸਮਾਰਟ ਸਕੂਲਾਂ ਨੂੰ ਅਮਲ ਵਿੱਚ ਲਿਆਉਣ ਵਾਸਤੇ ਪਿੰਡਾਂ ਦੀਆਂ ਪੰਚਾਇਤਾਂ, ਵੱਖ-ਵੱਖ ਲੀਡਰਾਂ, ਭਾਈਚਾਰਿਆਂ, ਦਾਨੀ ਸੱਜਣਾ, ਸਕੂਲ ਪ੍ਰਬੰਧਕ ਕਮੇਟੀਆਂ, ਪਰਵਾਸੀ ਭਾਰਤੀਆਂ ਅਤੇ ਸਕੂਲਾਂ ਦੇ ਸਟਾਫ ਨੇ ਵੱਡਮੁੱਲਾ ਯੋਗਦਾਨ ਪਾਇਆ ਹੈ। ਸਕੂਲਾਂ ਦੇ ਕਮਰਿਆਂ, ਖੇਡ ਮੈਦਾਨਾਂ, ਸਿੱਖਿਆ ਪਾਰਕਾਂ, ਸਾਇੰਸ ਲੈਬਰਾਟਰੀਆਂ ਅਤੇ ਪਖਾਨਿਆਂ ਦੀ ਸਥਿਤੀ ਵਿੱਚ ਸੁਧਾਰ ਲਿਆਂਦਾ ਗਿਆ ਹੈ। ਇਹ ਸਮਾਰਟ ਸਕੂਲ ਆਮ ਸਕੂਲਾਂ ਨਾਲੋਂ ਪੂਰੀ ਤਰ੍ਹਾਂ ਵੱਖਰੇ ਹਨ।