ਪਟਿਆਲਾ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ’ਤੇ ਬੈਠੇ 49 ਦਿਨ ਹੋ ਗਏ ਹਨ। ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਚਿੰਤਾਜਨਕ ਦੱਸੀ ਗਈ ਹੈ। ਅੱਜ ਇਸ ਅੰਦੋਲਨ ਸੰਬੰਧੀ ਪਟਿਆਲਾ ਦੇ ਪਾਤੜਾਂ ਵਿਚ ਇਕ ਮੀਟਿੰਗ ਹੋਣ ਜਾ ਰਹੀ ਹੈ। ਇਸ ਵਿਚ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਮੋਰਚਿਆਂ ’ਤੇ ਡਟੇ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ਼ਾਮਿਲ ਹੋਣਗੇ। ਮੀਟਿੰਗ ਵਿਚ ਕਿਸਾਨ ਅੰਦੋਲਨ ਲਈ ਐਸ. ਕੇ. ਐਮ. ਦੇ ਸਮਰਥਨ ’ਤੇ ਚਰਚਾ ਕੀਤੀ ਜਾਵੇਗੀ।
ਸੰਯੁਕਤ ਕਿਸਾਨ ਮੋਰਚੇ ਦੀ ਭਾਰਤੀ ਕਿਸਾਨ ਯੂਨੀਅਨ ਜਗਜੀਤ ਸਿੰਘ ਡੱਲੇਵਾਲ ਗਰੁੱਪ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੇ ਕਿਸਾਨ ਮਜ਼ਦੂਰ ਮੋਰਚੇ ਨਾਲ ਸਾਂਝੀ ਮੀਟਿੰਗ ਅੱਜ ਪਾਤੜਾਂ ਵਿਚ ਹੋ ਰਹੀ ਹੈ ਜਿਸ ਵਿਚ ਸਾਰੀਆਂ ਕਿਸਾਨ ਯੂਨੀਅਨਾਂ ਦੇ ਏਕੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਤੋਂ 6 ਮੈਂਬਰੀ ਟੀਮ ਗੱਲਬਾਤ ਵਿਚ ਹਿੱਸਾ ਲਵੇਗੀ ਜਦੋਂ ਕਿ ਬਾਕੀ ਦੋ ਕਿਸਾਨ ਯੂਨੀਅਨਾਂ ਵੱਲੋਂ 5-5 ਮੈਂਬਰੀ ਟੀਮ ਇਸ ਵਿਚ ਸ਼ਾਮਲ ਹੋਵੇਗੀ।