India Punjab

SKM ਗੈਰ ਰਾਜਨੀਤਿਕ ਦੀ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਵੀ ਕਿਸਾਨਾਂ ਦੇ ਸਖਤ ਤੇਵਰ ! ’13 ਫਰਵਰੀ ਤੱਕ ਫੈਸਲਾ ਲਏ ਕੇਂਦਰ ਨਹੀਂ ਤਾਂ ਦਿੱਲੀ ਕੂਚ’

ਬਿਉਰੋ ਰਿਪੋਰਟ : 13 ਫਰਵਰੀ ਨੂੰ ਦਿੱਲੀ ਕੂਚ ਤੋਂ ਪਹਿਲਾਂ SKM ਗੈਰ ਰਾਜਨੀਤਿਕ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਬੀਤੀ ਰਾਤ ਮੀਟਿੰਗ ਹੋਈ । ਇਹ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਕਰਵਾਈ ਗਈ ਸੀ । ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਮੰਗਾਂ ਨੂੰ ਲੈਕੇ ਹੋਈ ਗੱਲਬਾਤ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਪਰ ਨਾਲ ਹੀ ਆਗੂਆਂ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਨੇ 13 ਫਵਰਰੀ ਦਾ ਮਾਰਚ ਹੁਣ ਤੱਕ ਰੱਦ ਨਹੀਂ ਕੀਤਾ ਹੈ। SKM ਗੈਰ ਰਾਜਨੀਤਿਕ ਗੱਲਬਾਤ ਦਾ ਵੇਰਵਾ ਹੋਰ ਜਥੇਬੰਦੀਆਂ ਦੇ ਆਗੂਆਂ ਨਾਲ ਸਾਂਝਾ ਕਰੇਗਾ । ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਅਸੀਂ ਕੇਂਦਰੀ ਮੰਤਰੀ ਪੀਊਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਯਾਨੰਦ ਰਾਏ ਨੂੰ ਸਾਫ ਕਰ ਦਿੱਤਾ ਹੈ ਕਿ ਤੁਹਾਡੇ ਕੋਲ ਹੁਣ ਵੀ 13 ਫਰਵਰੀ ਤੱਕ ਦਾ ਸਮਾਂ ਹੈ ਤੁਸੀਂ ਸਾਡੀਆਂ ਮੰਗਾਂ ‘ਤੇ ਢੁੱਕਵੀਂ ਕਾਰਵਾਈ ਕਰੋ ਤਾਂ ਹੀ ਅਸੀਂ ਅਗਲਾ ਫੈਸਲਾ ਕਰਾਂਗੇ ।

‘ਕਈ ਗੱਲਾਂ ‘ਤੇ ਸਹਿਮਤੀ ਬਣੀ ਹੈ’

ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਸੀ । ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਈ ਗੱਲਾਂ ‘ਤੇ ਸਹਿਮਤੀ ਬਣੀ ਹੈ ਜਿਸ ਵਿੱਚ ਕਿਸਾਨਾਂ ਦੇ ਅੰਦੋਲਨ ਦੌਰਾਨ ਦਰਜ ਕੇਸ ਸ਼ਾਮਲ ਹਨ । ਉਨ੍ਹਾਂ ਕਿਹਾ ਚੰਗੇ ਮਾਹੌਲ ਵਿੱਚ ਗੱਲਬਾਤ ਹੋਈ ਅਤੇ ਅੱਗੇ ਵੀ ਇਸੇ ਤਰ੍ਹਾਂ ਨਾਲ ਗੱਲਬਾਤ ਜਾਰੀ ਰਹੇਗੀ । ਕਿਸਾਨਾਂ ਨੇ ਕਿਹਾ ਹੈ ਕਿ ਅਸੀਂ ਆਪਣੀ ਜਥੇਬੰਦੀਆਂ ਨਾਲ ਮੀਟਿੰਗ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਮੈਂ ਕਿਸਾਨਾਂ ਦਾ ਵਕੀਲ ਬਣਕੇ ਕੇਂਦਰ ਦੇ ਸਾਹਮਣੇ ਪੰਜਾਬ ਦਾ ਕੇਸ ਰੱਖਿਆ ਹੈ । ਮੁੱਖ ਮੰਤਰੀ ਪੰਜਾਬ ਨੇ ਕਿਹਾ ਅਸੀਂ ਨਹੀਂ ਚਾਉਂਦੇ ਹਾਂ ਕਿ ਪੁਲਿਸ ਨਾਲ ਧੱਕਾ-ਮੁੱਕੀ ਕਰਕੇ ਦਿੱਲੀ ਕੂਚ ਕਰੀਏ । ਉਧਰ SKM ਦੇ ਦੂਜੇ ਧੜੇ ਨੇ ਮੀਟਿੰਗ ਵਿੱਚ ਨਾ ਬੁਲਾਏ ਜਾਣ ‘ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ ।

ਹਰਿਆਣਾ ਦੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੰਢੂਨੀ ਨੇ ਬੈਠਕ ਤੋਂ ਪਹਿਲਾਂ ਸਖਤ ਨਰਾਜ਼ਗੀ ਜ਼ਾਹਿਰ ਕੀਤੀ । ਉਨ੍ਹਾਂ ਕਿਹਾ ਸਾਨੂੰ ਗੱਲਬਾਤ ਦਾ ਸੱਦਾ ਨਹੀਂ ਦਿੱਤਾ ਗਿਆ ਸੀ,ਸਾਡੇ ਕੋਲੋ ਕੋਈ ਸੁਝਾਅ ਨਹੀਂ ਮੰਗੇ ਗਏ ਹਨ । ਇਸ ਅੰਦਲੋਨ ਵਿੱਚ ਸ਼ਾਮਲ ਆਗੂਆਂ ਨੇ ਉਨ੍ਹਾਂ ਦੇ ਨਾਲ ਗੱਲ ਕਰਨੀ ਵੀ ਜ਼ਰੂਰਤ ਨਹੀਂ ਸਮਝੀ ਹੈ। ਕੁਝ ਜਥੇਬੰਦੀਆਂ ਨੇ ਆਪਣੇ ਤੌਰ ‘ਤੇ ਗੱਲਬਾਤ ਕਰਨ ਦਾ ਫੈਸਲਾ ਲੈ ਲਿਆ । SKM ਦੇ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਸਾਨੂੰ ਮੀਟਿੰਗ ਵਿੱਚ ਸੱਦਾ ਨਹੀਂ ਦਿੱਤਾ ਗਿਆ ਹੈ ਇਹ ਬਿਲਕੁਲ ਗਲਤ ਤਰੀਕਾ ਹੈ ।

13 ਮੰਗਾਂ ਨੂੰ ਲੈਕੇ 18 ਕਿਸਾਨ ਯੂਨੀਅਨਾ ਨੇ ਦਿੱਲੀ ਕੂਜ ਦਾ ਐਲਾਨ ਕੀਤਾ ਸੀ । ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਸਾਰੀਆਂ ਫਸਲਾਂ ‘ਤੇ MSP ਦੀ ਮੰਗ ਅਹਿਮ । ਜਿਸ ਤੋਂ ਇਲ਼ਾਵਾ ਅੰਦੋਲਨ ਦੌਰਾਨ ਕਿਸਾਨਾਂ ਖਿਲਾਫ ਦਰਜ ਕੇਸ ਵਾਪਸ ਲੈਣਾ ਵੀ ਮੁੱਖ ਮੰਗ ਹੈ । SKM ਗੈਰ ਰਾਜਨੀਤਿਕ ਦੇ ਵੱਲੋਂ ਦਿੱਲੀ ਕੂਚ ਦੇ ਫੈਸਲੋ ਤੋਂ ਪੰਜਾਬ ਦੀਆਂ 2 ਵੱਡੀਆਂ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ BKU ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦੂਰੀ ਬਣਾਈ ਹੋਈ ਹੈ ।