Khetibadi Punjab

SKM (ਗ਼ੈਰ ਸਿਆਸੀ) ਵੱਲੋਂ ਕਿਸਾਨਾਂ ’ਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ! ਸਰਕਾਰ ਨੂੰ ਸਖ਼ਤ ਤਾੜਨਾ, ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): SKM (ਗ਼ੈਰ ਸਿਆਸੀ) ਵੱਲੋਂ ਅੱਜ ਬਠਿੰਡਾ ਵਿੱਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੀ ਗ਼ਲਤੀ ਮੰਨਣ ਦੀ ਬਜਾਇ ਉਲਟਾ ਕਿਸਾਨਾਂ ’ਤੇ ਲਾਠੀਚਾਰਜ ਕਰਵਾਉਣਾ ਅਤਿ ਨਿੰਦਣਯੋਗ ਹੈ। ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਸਖ਼ਤ ਸ਼ਬਦਾਂ ਵਿੱਚ ਇਸ ਕਾਰਵਾਈ ਦੀ ਨਿਖੇਧੀ ਕਰਦਾ ਹੈ।

ਇਸ ਸਬੰਧੀ ਮੋਰਚੇ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਪ੍ਰਤਾੜਿਤ ਕਰਨਾ ਬੰਦ ਕਰੇ ਤੇ ਕਿਸਾਨਾਂ ’ਤੇ ਨਾਜਾਇਜ਼ ਕੇਸ ਮੜ੍ਹਨ ਦੀਆਂ ਕੋਸ਼ਿਸ਼ਾਂ ਤੋਂ ਵੀ ਬਾਜ਼ ਆਵੇ, ਨਹੀਂ ਤਾਂ SKM ਗ਼ੈਰ ਸਿਆਸੀ ਨੂੰ ਵੀ ਆਪਣਾ ਸੰਘਰਸ਼ ਤੇਜ਼ ਕਰਨਾ ਪਵੇਗਾ।

ਡੱਲੇਵਾਲ ਨੇ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਝੋਨੇ ਦੀ ਖ਼ਰੀਦ ਜੋ ਅਕਤੂਬਰ ਮਹੀਨੇ ਵਿੱਚ ਹੀ ਨਿੱਬੜ ਜਾਣੀ ਚਾਹੀਦੀ ਸੀ, ਅੱਜ 12 ਨਵੰਬਰ ਹੋਣ ਦੇ ਬਾਵਜੂਦ ਕਿਸਾਨ ਮੰਡੀਆਂ ਵਿੱਚ ਫਸੇ ਹਨ ਤੇ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਇਸ ਦੌਰਾਨ ਜੋ ਝੋਨਾ ਪਹਿਲਾਂ ਵੱਢਿਆ ਗਿਆ ਹੈ, ਉਹ ਵੀ ਸਰਕਾਰ ਵੱਲੋਂ ਕੱਟ ਲਾ ਕੇ ਖਰੀਦਿਆ ਜਾ ਰਿਹਾ ਹੈ। ਇਹ ਸਾਰਾ ਕੁਝ ਸ਼ੈਲਰਾਂ ਵਾਲੇ, ਆੜ੍ਹਤੀਏ, ਇੰਸਪੈਕਟਰ ਤੇ ਮਾਰਕਿਟ ਕਮੇਟੀਆਂ ਦੇ ਸੁਪਰਵਾਈਜ਼ਰਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲਗਾਤਾਰ ਲੁੱਟ ਹੋ ਰਹੀ ਹੈ। ਝੋਨੇ ਦੀ ਜੋ ਨਮੀ 17 ’ਤੇ ਵਿਕਣੀ ਸੀ, ਉਹ ਅੱਜ 12-13 ’ਤੇ ਵਿਕ ਰਹੀ ਹੈ। ਕਿਸਾਨਾਂ ਦਾ ਕਈ ਕਿੱਲੋ ਝੋਨੇ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੀ ਇਹ ਲੁੱਟ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਕਰਵਾਈ ਜਾ ਰਹੀ ਹੈ। ਇਸ ਲਈ ਅਧਿਕਾਰੀਆਂ ’ਤੇ ਕਿਸਾਨਾਂ ਦਾ ਗੁੱਸਾ ਹੋਣਾ ਬਿਲਕੁਲ ਜਾਇਜ਼ ਹੈ।