ਬਿਉਰੋ ਰਿਪੋਰਟ – ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂਆਂ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਸਾਨ ਆਗੂਆਂ ਨੂੰ ਦੱਸਿਆ ਕਿ ਉਹ ਸਰਦ ਰੁੱਤ ਇਜਲਾਸ ਦੌਰਾਨ MSP ਗਰੰਟੀ ਕਾਨੂੰਨ ਦਾ ਪ੍ਰਾਈਵੇਟ ਬਿੱਲ ਲੈ ਕੇ ਆ ਸਕਦੇ ਹਨ। ਸੰਯੁਕਤ ਕਿਸਾਨ ਮੋਰਚਾ ਦੇ 20 ਸੂਤਰੀ ਮੰਗ ਪੱਤਰ ਨੂੰ ਲੈ ਕੇ INDIA ਗਠਜੋੜ ਦੇ ਨਾਲ ਮਿਲ ਕੇ ਵੱਡੀ ਬੈਠਕ ਕਰਨ ਦਾ ਫੈਸਲਾ ਲਿਆ ਸੀ।
ਬੈਠਕ ਵਿੱਚ ਸਾਰੀਆਂ ਫਸਲਾਂ ਨੂੰ MSP ‘ਤੇ ਖਰੀਦਣ ਦੀ ਗਰੰਟੀ,ਕਰਜ਼ ਮੁਆਫੀ ਸਮੇਤ ਕਈ ਮੁੱਦਿਆਂ ‘ਤੇ ਮੰਥਨ ਹੋਇਆ। ਬੈਠਕ ਵਿੱਚ ਸ਼ਾਮਲ ਰਹੇ ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ SKM ਦੇ ਆਗੂਆਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ MSP ਗਰੰਟੀ ਕਾਨੂੰਨ ਅਤੇ ਕਰਜ਼ ਮੁਆਫ਼ੀ ਬਿੱਲ ਲਿਆਉਣ ਦੀ ਅਪੀਲ ਕੀਤੀ ਹੈ। ਰਾਹੁਲ ਗਾਂਧੀ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਉਹ ਅਗਲੇ ਇਜਲਾਸ ਵਿੱਚ ਪ੍ਰਾਈਵੇਟ ਬਿੱਲ ਲੈ ਕੇ ਆਉਣਗੇ। ਕਿਸਾਨ ਆਗੂਆਂ ਨੇ MSP ਗਰੰਟੀ ਕਾਨੂੰਨ ਅਤੇ ਕਰਜ਼ ਮੁਆਫੀ ‘ਤੇ ਮਸੌਦਾ ਕਾਨੂੰਨ ਉਨ੍ਹਾਂ ਨੂੰ ਸੌਂਪਣਗੇ। ਰਾਹੁਲ ਨੇ ਜੈਰਾਮ ਰਮੇਸ਼ ਅਤੇ ਕੇ.ਸੀ ਵੇਣੂਗੋਪਾਲ ਦੇ ਨਾਲ ਗੱਲਬਾਤ ਦੇ ਲਈ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੁਝ ਦਿਨ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ SKM ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਤੋਂ ਸਮੇਂ ਮੰਗਿਆ ਹੈ। ਕਿਸਾਨਾਂ ਨੇ 2 ਅਗਸਤ ਦੀ ਬੈਠਕ ਦੀ ਮੰਗ ਕੀਤੀ ਪਰ ਸਮੇਂ ਘੱਟ ਹੋਣ ਦੀ ਵਜ੍ਹਾ ਕਰਕੇ 2 ਅਗਸਤ ਨੂੰ ਬੈਠਕ ਨਹੀਂ ਹੋ ਸਕੀ ਸੀ।
ਇਹ ਵੀ ਪੜ੍ਹੋ – ਮੁਹਾਲੀ ਅਦਾਲਤ ਨੇ ਗਿੱਪੀ ਗਰੇਵਾਲ ਨੂੰ ਭੇਜਿਆ ਸੰਮਨ