ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ(SKM) ਨੇ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਦੇ ਸਮਰਥਨ ‘ਚ ਦੇਸ਼ ਵਿਆਪੀ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਕਿਸਾਨਾਂ ਵੱਲੋਂ 11 ਤੋਂ 18 ਮਈ ਤੱਕ ਭਾਰਤ ਦੇ ਸਾਰੇ ਰਾਜਾਂ ਵਿੱਚ ਰਾਜਾਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਤਾਲੁਕ ਹੈੱਡਕੁਆਰਟਰਾਂ ‘ਤੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਵਿੱਚ ਜਨਤਕ ਮੀਟਿੰਗਾਂ ਅਤੇ ਰੋਸ ਮਾਰਚ ਕੱਢੇ ਜਾਣਗੇ ਅਤੇ ਮੋਦੀ ਸਰਕਾਰ ਅਤੇਬ੍ਰਿਜ ਭੂਸ਼ਣ ਸ਼ਰਨ ਦੇ ਪੁਤਲੇ ਫੂਕੇ ਜਾਣਗੇ।
ਐਸਕੇਐਮ ਦੇ ਆਗੂ ਦਰਸ਼ਨ ਪਾਲ ਨੇ ਦੱਸਿਆ ਕਿ ਪਹਿਲੇ ਪ੍ਰੋਗਰਾਮ ਦੇ ਹਿੱਸੇ ਵਜੋਂ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਐਸਕੇਐਮ ਦੇ ਸੀਨੀਅਰ ਆਗੂ ਐਤਵਾਰ ਨੂੰ ਜੰਤਰ-ਮੰਤਰ ਵਿਖੇ ਧਰਨੇ ਵਾਲੀ ਥਾਂ ‘ਤੇ ਸੈਂਕੜੇ ਕਿਸਾਨ ਅਤੇ ਮਹਿਲਾ ਕਿਸਾਨ ਪਹੁੰਚ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਐਸਕੇਐਮ ਦਾ ਵਫ਼ਦ ਦਿੱਲੀ ਪੁਲੀਸ ਕਮਿਸ਼ਨਰ, ਕੇਂਦਰੀ ਖੇਡ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰੇਗਾ। 11 ਤੋਂ 18 ਮਈ ਤੱਕ ਦੇਸ਼ ਵਿਆਪੀ ਅੰਦੋਲਨ ਦੌਰਾਨ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਪੰਜਾਬ ਤੋਂ ਮਹਿਲਾ ਕਿਸਾਨਾਂ ਦਾ ਜਥਾ ਜੰਤਰ-ਮੰਤਰ ਪਹੁੰਚਿਆ
ਪਹਿਲਵਾਨਾਂ ਦੇ ਸਮਰਥਨ ਵਿੱਚ ਐਤਵਾਰ ਨੂੰ ਪੰਜਾਬ ਤੋਂ ਮਹਿਲਾ ਕਿਸਾਨਾਂ ਦੇ ਜਥੇ ਜੰਤਰ-ਮੰਤਰ ਪਹੁੰਚੇ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ (SKM) ਨੇ ਮਹਿਲਾ ਪਹਿਲਵਾਨਾਂ ਦੇ ਸਮਰਥਨ ਵਿੱਚ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 11 ਤੋਂ 18 ਮਈ ਤੱਕ ਸੂਬੇ ਦੀਆਂ ਸਾਰੀਆਂ ਰਾਜਧਾਨੀਆਂ, ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਤਹਿਸੀਲ ਹੈੱਡਕੁਆਰਟਰਾਂ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ।
8 ਮਈ ਨੂੰ ਜੰਤਰ ਮੰਤਰ ਧਰਨੇ ਵਿੱਚ ਕਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੈਂਕੜੇ ਕਿਸਾਨ ਸ਼ਾਮਲ ਹੋਣਗੇ
ਕਰਾਂਤੀਕਾਰੀ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਵਿਰੋਧ ਵਿੱਚ ਜਿੱਥੇ 8 ਮਈ ਨੂੰ ਸੈਂਕੜੇ ਕਿਸਾਨਾਂ ਦੇ ਜੱਥੇ ਆਗੂਆਂ ਦੀ ਅਗਵਾਈ ਹੇਠ ਦਿੱਲੀ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਡਾ ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਵੱਲੋਂ ਇੱਥੋਂ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿ ਲੋਕ ਪੱਖੀ ਹੋਣ ਦਾ ਦਾਅਵਾ ਕਰਨ ਵਾਲੀ ਦਿੱਲੀ ਦੀ ਆਪ ਸਰਕਾਰ ਨਾ ਤਾਂ ਧਰਨਾਕਾਰੀਆਂ ਨੂੰ ਬਿਜਲੀ ਪਾਣੀ ਮੁਹੱਈਆ ਨਹੀ ਕਰਵਾ ਰਹੀ ਹੈ ਅਤੇ ਨਾ ਹੀ ਕੋਈ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਆਰ ਐੱਸ ਐੱਸ ਦੀ ਔਰਤ ਵਿਰੋਧੀ ਮਾਨਸਿਕਤਾ ਖੁੱਲ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਮੁੱਦੇ ਉੱਪਰ ਬੋਲਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਸਾਰੇ ਘਟਨਾ ਕ੍ਰਮ ਬਾਰੇ ਸਾਜ਼ਿਸ਼ੀ ਚੁੱਪ ਧਾਰ ਲਈ ਹੈ। ਹਰ ਸਮੇਂ ਹਿੰਦੂ ਰਾਸ਼ਟਰ ਦਾ ਰਾਗ ਅਲਾਪਣ ਵਾਲੇ ਭਾਰਤੀ ਨੈਸ਼ਨਲ ਮੀਡੀਆ ਨੂੰ ਸੱਪ ਸੁੰਘ ਗਿਆ ਹੈ ।
ਉਨ੍ਹਾਂ ਮੰਗ ਕੀਤੀ ਕਿ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਦਰਸ਼ਨਕਾਰੀਆਂ ਦੀ ਘੇਰਾਬੰਦੀ ਖਤਮ ਕਰਕੇ ਜ਼ਖ਼ਮੀਆਂ ਦਾ ਸਰਕਾਰੀ ਇਲਾਜ਼ ਅਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਸਮੂਹ ਇਨਸਾਫ਼-ਪਸੰਦ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਇਆ ਜਾਵੇ।