ਬਿਉਰੋ ਰਿਪੋਰਟ : 14 ਮਾਰਚ ਨੂੰ SKM ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਿਸਾਨਾਂ ਦੀ ਮਹਾਂ ਪੰਚਾਇਤ ਨੂੰ ਲੈਕੇ ਰਣਨੀਤੀ ਤਿਆਰ ਕੀਤੀ ਗਈ ਹੈ ਨਾਲ ਹੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਲਧਿਆਣਾ ਵਿੱਚ ਕਿਸਾਨ ਆਗੂ ਹਰਮਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਵਿੱਚ ਹੋਈ SKM ਦੀ ਬੈਠਕ ਵਿੱਚ 25 ਦੇ ਕਰੀਬ ਜਥੇਬੰਦੀਆਂ ਨੇ ਹਿੱਸਾ ਲਿਆ ।
ਕਿਸਾਨ ਜਥੇਬੰਦੀਆ ਨੇ ਤੈਅ ਕੀਤਾ ਹੈ ਰੇਲ,ਬੱਸਾਂ ਅਤੇ ਆਪਣੀ ਗੱਡੀਆਂ ਦੇ ਜ਼ਰੀਏ ਪੂਰੇ ਦੇਸ਼ ਤੋਂ ਕਿਸਾਨ ਦਿੱਲੀ ਪਹੁੰਚਣਗੇ, ਕਿਸਾਨ ਆਗੂ ਹਰਦੇਵ ਸਿੰਘ ਸੰਧੂ ਨੇ ਕਿਹਾ ਜੇਕਰ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਦੇਸ਼ ਭਰ ਵਿੱਚ ਰੇਲ ਟਰੈਕ ਜਾਮ ਕਰ ਦਿੱਤੇ ਜਾਣਗੇ । ਕਿਸਾਨ ਆਗੂਆਂ ਨੇ ਕਿਹਾ ਅਸੀਂ ਕੇਂਦਰ ਤੋਂ ਦਬਣ ਵਾਲੇ ਨਹੀਂ ਹਾਂ।
SKM ਨੇ ਦਾਅਵਾ ਕੀਤਾ ਹੈ ਕਿ 14 ਮਾਰਚ ਨੂੰ ਦਿੱਲੀ ਹੋਣ ਵਾਲੀ ਮਹਾਂ ਰੈਲੀ ਵਿੱਚ 1 ਲੱਖ ਕਿਸਾਨ ਦੇਸ਼ਭਰ ਤੋਂ ਪਹੁੰਚਣਗੇ । 400 ਤੋਂ ਵੱਧ ਜਥੇਬੰਦੀਆਂ ਨੇ 50 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦੀ ਲਿਸਟ ਤਿਆਰ ਕਰ ਲਈ ਹੈ । SKM ਨੇ ਸਾਫ ਕਰ ਦਿੱਤਾ ਹੈ ਕਿ ਕੋਈ ਵੀ ਟਰੈਕਟ ਦੇ ਜ਼ਰੀਏ ਦਿੱਲੀ ਨਹੀਂ ਆਵੇਗਾ ਅਤੇ ਉਸੇ ਦਿਨ ਵਾਪਸੀ ਹੋਵੇਗੀ ।
ਉਧਰ ਕਿਸਾਨਾਂ ਦੇ ਦਿੱਲੀ ਆਉਣ ‘ਤੇ ਕੇਂਦਰ ਸਰਕਾਰ ਅਲਰਟ ਹੈ । ਦਿੱਲੀ ਵਿੱਚ ਥਾਂ-ਥਾਂ ‘ਤੇ ਬੈਰੀਕੇਟਿੰਗ ਕੀਤੀ ਗਈ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਲੈਕੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਕਿਸਾਨ ਬੱਸਾਂ ਅਤੇ ਰੇਲ ਗੱਡੀਆਂ ਦੇ ਜ਼ਰੀਏ ਕਿਉਂ ਨਹੀਂ ਦਿੱਲੀ ਜਾਂਦੇ ਹਨ । ਜਿਸ ਤੋਂ ਬਾਅਦ SKM ਗੈਰ ਰਾਜਨੀਤਿਕ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ 6 ਮਾਰਚ ਨੂੰ ਬੱਸਾਂ ਅਤੇ ਟ੍ਰੇਨਾਂ ਦੇ ਰਾਹੀ ਜੰਤਰ ਮੰਤਰ ਪਹੁੰਚਣ ਦਾ ਐਲਾਨ ਕੀਤਾ ਸੀ । ਪਰ ਕਿਸਾਨ ਆਗੂਆਂ ਦਾ ਇਲਜ਼ਾਮ ਸੀ ਕਿ ਦੂਜੇ ਸੂਬਿਆਂ ਤੋਂ ਆ ਰਹੇ ਕਿਸਾਨਾਂ ਨੂੰ ਰੇਲ ਅਤੇ ਬੱਸਾਂ ਰਾਹੀ ਨਹੀਂ ਪਹੁੰਚਣ ਦਿੱਤਾ ਗਿਆ ।