‘ਦ ਖ਼ਾਲਸ ਬਿਊਰੋ : ਐੱਲਏਸੀ ’ਤੇ ਹਾਲਾਤ ਤਣਾਅਪੂਰਨ ਹੋ ਗਏ ਹਨ, ਇਸ ਲਈ ਫ਼ੌਜ ਆਪਣੀ ਤਿਆਰੀ ਰੱਖੇ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਫੌਜ ਨੂੰ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ’ਤੇ ਚੀਨੀ ਫੌਜ ਦੀ ਤਾਇਨਾਤੀ ਕਾਰਨ ਉੱਤਰੀ ਸੈਕਟਰ ‘ਚ ਸਥਿਤੀ ਤਣਾਅਪੂਰਨ ਬਣ ਗਈ ਹੈ। ਥਲ ਸੈਨਾ ਕਮਾਂਡਰਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਬਿਨਾਂ ਕੋਈ ਸੰਦਰਭ ਦਿੱਤੇ ਹਥਿਆਰਬੰਦ ਬਲਾਂ ਨੂੰ ਸੱਦਾ ਦਿੱਤਾ ਕਿ ਉਹ ਦੁਨੀਆ ਭਰ ਵਿੱਚ ਹੋ ਰਹੀਆਂ ਭੂ-ਰਾਜਨੀਤਿਕ ਤਬਦੀਲੀਆਂ ਨੂੰ ਧਿਆਨ ਵਿੱਚ ਰੱਖਣ ਅਤੇ ਉਸ ਅਨੁਸਾਰ ਆਪਣੀਆਂ ਯੋਜਨਾਵਾਂ ਅਤੇ ਰਣਨੀਤੀਆਂ ਨੂੰ ਢਾਲਣ ਦੀ ਕੋਸ਼ਿਸ਼ ਕਰਨ।


 
																		 
																		 
																		 
																		 
																		