‘ਦ ਖ਼ਾਲਸ ਬਿਊਰੋ :- ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਪਠਾਨਕੋਟ ਦੇ ਪਿੰਡ ਥਰਿਆਲ ‘ਚ ਰਹਿੰਦੇ ਰਿਸ਼ਤੇਦਾਰਾਂ ‘ਤੇ 17 ਅਗਸਤ ਨੂੰ ਹੋਏ ਹਮਲੇ ਦੌਰਾਨ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਜੋ ਕਿ ਇੱਕ ਠੇਕੇਦਾਰ ਸਨ, ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਉਨ੍ਹਾਂ ਦੇ ਬੇਟੇ ਕੌਸ਼ਲ ਕੁਮਾਰ ਨੇ 31 ਅਗਸਤ ਨੂੰ ਦਮ ਤੋੜਿਆ ਸੀ। ਜਿਸ ਤੋਂ ਮਗਰੋਂ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਸੀ। ਕੈਪਟਨ ਦੀ ਹੁਕਮਾਂ ਦੇ ਹੇਠ ਪੰਜਾਬ ਪੁਲਿਸ ਨੇ ਵਾਰਦਾਤ ‘ਚ ਸ਼ਾਮਲ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੰਜਾਬ ਪੁਲਿਸ ਦੇ DGP ਦਿਨਕਰ ਗੁਪਤਾ ਨੇ ਦੱਸਿਆ ਕਿ 11 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। ਰੈਨਾ ਦੀ ਭੂਆ ਆਸ਼ਾ ਰਾਣੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਮਲੇ ‘ਚ ਜ਼ਖਮੀ ਹੋਏ ਦੋ ਹੋਰ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
‘SIT ਦਾ ਹੋਇਆ ਸੀ ਗਠਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ IGP ਬਾਰਡਰ ਰੇਂਜ ਅੰਮ੍ਰਿਤਸਰ ਅਧੀਨ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਵਿੱਚ SSP ਪਠਾਨਕੋਟ, SP ਇਨਵੈਸਟੀਗੇਸ਼ਨ ਤੇ DSP ਧਾਰ ਕਲਾਂ ਸ਼ਾਮਲ ਸਨ। 15 ਸਤੰਬਰ ਨੂੰ SIT ਨੂੰ ਸੂਚਨਾ ਮਿਲੀ ਕਿ ਤਿੰਨ ਸ਼ੱਕੀ, ਜਿਨ੍ਹਾਂ ਨੂੰ ਇਸ ਘਟਨਾ ਤੋਂ ਬਾਅਦ ਸਵੇਰੇ ਡਿਫੈਂਸ ਰੋਡ ‘ਤੇ ਦੇਖਿਆ ਗਿਆ ਸੀ, ਪਠਾਨਕੋਟ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਠਹਿਰੇ ਹੋਏ ਸਨ। ਜਾਂਚ ਟੀਮ ਵੱਲੋਂ ਛਾਪਾ ਮਾਰਿਆ ਗਿਆ ਤੇ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ।
ਡੀਜੀਪੀ ਅਨੁਸਾਰ ਇਨ੍ਹਾਂ ਕੋਲੋ ਦੋ ਸੋਨੇ ਦੀਆਂ ਮੁੰਦਰੀਆਂ, ਇੱਕ ਗੋਲਡ ਚੇਨ ਤੇ 1530 ਰੁਪਏ ਨਕਦ ਮਿਲੇ ਹਨ। ਇਨ੍ਹਾਂ ਦੀ ਪਛਾਣ ਸਾਵਨ, ਮੁਹੋਬਤ ਤੇ ਸ਼ਾਹਰੁਖ ਖ਼ਾਨ ਵਜੋਂ ਕੀਤੀ ਗਈ ਹੈ, ਜੋ ਰਾਜਸਥਾਨ ਦੀਆਂ ਚਿਰਾਵਾ ਤੇ ਪਿਲਾਨੀ ਝੁੱਗੀਆਂ ‘ਚ ਰਹਿੰਦੇ ਹਨ। SIT ਨੂੰ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਹੋਰਾਂ ਨਾਲ ਮਿਲ ਕੇ ਇੱਕ ਗਿਰੋਹ ਵਜੋਂ ਕੰਮ ਕਰ ਰਹੇ ਸਨ, ਅਤੇ ਪਹਿਲਾਂ ਵੀ ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ।
ਕਿਵੇਂ ਰਚੀ ਸਾਜ਼ਿਸ਼?
ਮੁਲਜ਼ਮ ਸਾਵਨ ਨੇ SIT ਨੂੰ ਦੱਸਿਆ ਹੈ ਕਿ 12 ਅਗਸਤ ਨੂੰ ਉਹ ਚਿਰਾਵਾ ਤੇ ਪਿਲਾਨੀ ਤੋਂ ਜਗਰਾਉਂ ਪਹੁੰਚੇ ਸੀ ਜਿੱਥੇ ਤਿੰਨ ਹੋਰ ਲੋਕ – ਰੀਂਡਾ, ਗੋਲੂ ਤੇ ਸਾਜਨ ਸ਼ਾਮਲ ਹੋਏ। ਉਨ੍ਹਾਂ ਨੇ ਲੁਧਿਆਣਾ ਵਿੱਚ ਕੱਪੜੇ ਦੀ ਦੁਕਾਨ ਤੋਂ ਇੱਕ ਆਰੀ, 02 ਪਲਾਈਰ ਅਤੇ ਇਕ ਪੇਚਕਸ ਖਰੀਦਿਆ। ਉਹ 14 ਅਗਸਤ ਦੀ ਰਾਤ ਨੂੰ ਜਗਰਾਉਂ ਵਿੱਚ ਲੁੱਟ ਖੋਹ ਦੀ ਵਾਰਦਾਤ ਤੋਂ ਬਾਅਦ ਪਠਾਨਕੋਟ ਲਈ ਰਵਾਨਾ ਹੋਏ ਸਨ।
ਪਠਾਨਕੋਟ ਦੇ SSP ਗੁਲਨੀਤ ਖੁਰਾਣਾ ਅਨੁਸਾਰ ਜ਼ਿਲ੍ਹੇ ਵਿੱਚ ਇੱਕ ਸੰਜੂ, ਜੋ ਇਲਾਕੇ ਨੂੰ ਚੰਗੀ ਤਰਾਂ ਜਾਣਦਾ ਸੀ, ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ। 19 ਅਗਸਤ ਦੀ ਰਾਤ ਨੂੰ, ਤਕਰੀਬਨ 7-8 ਵਜੇ, ਉਹ ਵੱਖ-ਵੱਖ ਗਰੁੱਪ ਬਣਾ ਕੇ ਆਏ।ਛੱਤ ‘ਤੇ ਪਈ ਪੌੜੀ ਦੇ ਸਹਾਰੇ, ਉਹ ਰੈਨਾ ਦੀ ਭੂਆ ਦੇ ਘਰ ਵਿੱਚ ਦਾਖਲ ਹੋਏ, ਜਿਥੇ ਉਨ੍ਹਾਂ ਨੇ ਤਿੰਨ ਲੋਕਾਂ ਨੂੰ ਚਾਟਾਂ ‘ਤੇ ਲੇਟੇ ਹੋਏ ਵੇਖਿਆ।
ਡੀਜੀਪੀ ਨੇ ਕਿਹਾ ਕਿ ਸ਼ੱਕੀ ਵਿਅਕਤੀਆਂ ਨੇ ਘਰ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਸਿਰ ‘ਤੇ ਸੱਟ ਮਾਰੀ। ਫਿਰ ਉਨ੍ਹਾਂ ਨੇ ਨਕਦ ਅਤੇ ਸੋਨੇ ਦੇ ਗਹਿਣਿਆਂ ਸਮੇਤ ਫਰਾਰ ਹੋਣ ਤੋਂ ਪਹਿਲਾਂ ਦੋ ਹੋਰਾਂ ਉੱਤੇ ਹਮਲਾ ਕਰ ਦਿੱਤਾ। ਉਹ ਉੱਥੋਂ ਭੱਜ ਨਿਕਲੇ ਅਤੇ ਸਮੂਹਾਂ ਵਿੱਚ ਵੱਖ ਹੋ ਗਏ ਅਤੇ ਰੇਲਵੇ ਸਟੇਸ਼ਨ ਤੱਕ ਪਹੁੰਚੇ। ਆਪਸ ਵਿੱਚ ਨਕਦ ਅਤੇ ਗਹਿਣੇ ਵੰਡਣ ਤੋਂ ਬਾਅਦ ਉਹ ਖਿੰਡ ਗਏ। 11 ਸ਼ੱਕੀ ਅਜੇ ਫਰਾਰ ਹਨ ਜਿਨ੍ਹਾਂ ਨੂੰ ਫੜਨ ਲਈ ਜਾਂਚ ਜਾਰੀ ਹੈ।
ਸੁਰੇਸ਼ ਰੈਨਾ ਨੇ ਮੁੱਖਮੰਤਰੀ ਦਾ ਕੀਤਾ ਧੰਨਵਾਦ
ਕ੍ਰਿਕਟ ਖਿਡਾਰੀ ਸੁਰੇਸ਼ ਰੈਨਾ ਆਪਣੇ ਪਰਿਵਾਰ ਦੇ ਨਾਲ ਪਠਾਨਕੋਟ ਵਿੱਚ ਪਿੰਡ ਥਰਿਆਲ ‘ਚ ਆਪਣੀ ਭੂਆ ਦੇ ਘਰ ਪੁੱਜੇ। ਸੁਰੇਸ਼ ਰੈਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਪੂਰੇ ਕੇਸ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਬਹੁਤ ਸਾਥ ਦਿੱਤਾ ਗਿਆ ਹੈ ਅਤੇ ਇਸ ਦੁੱਖ ਦੀ ਘੜੀ ‘ਚ ਉਹ ਆਪਣੇ ਇਸ ਪਰਿਵਾਰ ਦੇ ਨਾਲ ਖੜੇ ਹਨ।