Punjab Religion

328 ਪਾਵਨ ਸਰੂਪ ਮਾਮਲੇ ’ਚ SIT ਦਾ ਪੁਨਰਗਠਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜਾਂਚ ਨੂੰ ਤੇਜ਼ ਕਰਦਿਆਂ ਵਿਸ਼ੇਸ਼ ਜਾਂਚ ਟੀਮ (SIT) ਦਾ ਮੁੜ ਗਠਨ ਕੀਤਾ ਹੈ।  ਪੁਲਿਸ ਵਿਭਾਗ ਨੇ ਇਸ ਮਾਮਲੇ ਵਿੱਚ ਪਹਿਲਾਂ ਜਾਰੀ ਕੀਤੇ ਤਿੰਨ ਵੱਖ-ਵੱਖ ਹੁਕਮਾਂ ਨੂੰ ਰੱਦ ਕਰਦਿਆਂ ਪੁਰਾਣੀ SIT ਨੂੰ ਭੰਗ ਕਰ ਦਿੱਤਾ ਹੈ ਅਤੇ ਜਾਂਚ ਲਈ ਨਵੇਂ ਸਿਰੇ ਤੋਂ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।

ਪੰਜਾਬ ਬਿਊਰੋ ਆਫ਼ ਇੰਵੈਸਟੀਗੇਸ਼ਨ (PBI) ਦੇ ਡਾਇਰੈਕਟਰ ਐਲ.ਕੇ. ਯਾਦਵ (IPS) ਵੱਲੋਂ ਜਾਰੀ ਤਾਜ਼ਾ ਹੁਕਮਾਂ ਮੁਤਾਬਕ ਇਹ ਪੂਰੀ ਜਾਂਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ (IPS) ਦੀ ਨਿਗਰਾਨੀ ਹੇਠ ਚੱਲੇਗੀ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ।

ਪੁਲਿਸ ਵੱਲੋਂ 22 ਦਸੰਬਰ 2025, 2 ਜਨਵਰੀ 2026 ਅਤੇ 9 ਜਨਵਰੀ 2026 ਨੂੰ ਜਾਰੀ ਕੀਤੇ ਗਏ ਹੁਕਮ ਹੁਣ ਰੱਦ ਕਰ ਦਿੱਤੇ ਗਏ ਹਨ। ਨਵੀਂ ਬਣਾਈ ਗਈ SIT ਪੂਰੀ ਤਰ੍ਹਾਂ ਨਵੇਂ ਢਾਂਚੇ ਅਧੀਨ ਕੰਮ ਕਰੇਗੀ ਤੇ ਇਸ SIT ਦੀ ਅਗਵਾਈ ਰੂਪਨਗਰ ਰੇਂਜ ਦੇ DIG ਨਾਨਕ ਸਿੰਘ (IPS) ਕਰਨਗੇ।

SIT ਦੇ ਨਵੇਂ ਮੈਂਬਰਾਂ ਦੀ ਸੂਚੀ:
  1. ਚੇਅਰਮੈਨ:ਨਾਨਕ ਸਿੰਘ (IPS), ਡੀ.ਆਈ.ਜੀ., ਰੂਪਨਗਰ ਰੇਂਜ।
  2. ਮੈਂਬਰ:ਦਰਪਣ ਆਹਲੂਵਾਲੀਆ (IPS), ਐਸ.ਐਸ.ਪੀ. ਖੰਨਾ।
  3. ਮੈਂਬਰ:ਗੁਰਬੰਸ ਸਿੰਘ ਬੈਂਸ (PPS), ਐਸ.ਪੀ. ਡਿਟੈਕਟਿਵ, ਪਟਿਆਲਾ।
  4. ਮੈਂਬਰ:ਸੁਖਨਾਜ਼ ਸਿੰਘ (PPS), ਐਸ.ਪੀ. ਸਪੈਸ਼ਲ ਬ੍ਰਾਂਚ, ਮੋਹਾਲੀ।
  5. ਮੈਂਬਰ:ਹਰਮਿੰਦਰ ਸਿੰਘ (PPS), ਏ.ਸੀ.ਪੀ. (D), ਅੰਮ੍ਰਿਤਸਰ।
  6. ਮੈਂਬਰ:ਸਬ-ਇੰਸਪੈਕਟਰ ਰਜਵੰਤ ਕੌਰ, ਐਸ.ਐਚ.ਓ. ਥਾਣਾ ਸੀ-ਡਿਵੀਜ਼ਨ, ਅੰਮ੍ਰਿਤਸਰ।

ਕੀ ਹੈ ਪੂਰਾ ਵਿਵਾਦ?

7 ਦਸੰਬਰ 2025 ਨੂੰ ਥਾਣਾ ਸੀ-ਡਿਵੀਜ਼ਨ ਵਿਖੇ FIR ਨੰਬਰ 168 ਦਰਜ ਹੋਈ ਸੀ। ਇਸ ਵਿੱਚ ਧਾਰਾ 295, 295-A (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ), 409 (ਸਰਕਾਰੀ ਜਾਇਦਾਦ ਦੀ ਦੁਰਵਰਤੋਂ), 465 (ਜਾਲਸਾਜ਼ੀ) ਅਤੇ 120-B (ਅਪਰਾਧਿਕ ਸਾਜ਼ਿਸ਼) ਲਾਗੂ ਕੀਤੀਆਂ ਗਈਆਂ ਹਨ।

ਮੁੱਖ ਦੋਸ਼ੀਆਂ ਵਿੱਚ SGPC ਦੇ ਸਾਬਕਾ ਮੁੱਖ ਸਕੱਤਰ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਸਕੱਤਰ ਸਮੇਤ ਕੁੱਲ 16 ਵਿਅਕਤੀ ਸ਼ਾਮਲ ਸਨ। ਇਹ ਕਾਰਵਾਈ ਸਿੱਖ ਸਦਭਾਵਨਾ ਦਲ ਦੇ ਬਲਦੇਵ ਸਿੰਘ ਵਡਾਲਾ ਵੱਲੋਂ ਪਿਛਲੇ 5 ਸਾਲਾਂ ਤੋਂ ਚੱਲ ਰਹੇ ‘ਪੰਥਕ ਹੋਕਾ’ ਪ੍ਰਦਰਸ਼ਨ ਅਤੇ ਆਮ ਆਦਮੀ ਪਾਰਟੀ ਆਗੂਆਂ ਦੇ ਭਰੋਸੇ ਤੋਂ ਬਾਅਦ ਅਮਲ ਵਿੱਚ ਆਈ ਹੈ।

ਡਾਇਰੈਕਟਰ PBI ਨੇ ਹਦਾਇਤ ਕੀਤੀ ਹੈ ਕਿ ਜਾਂਚ ‘ਵਿਗਿਆਨਕ ਅਤੇ ਨਿਰਪੱਖ’ ਤਰੀਕੇ ਨਾਲ ਕੀਤੀ ਜਾਵੇ। SIT ਕੋਲ ਇਹ ਅਧਿਕਾਰ ਵੀ ਹੈ ਕਿ ਉਹ ਲੋੜ ਪੈਣ ‘ਤੇ ਕਿਸੇ ਹੋਰ ਅਧਿਕਾਰੀ ਨੂੰ ਵੀ ਜਾਂਚ ਟੀਮ ਵਿੱਚ ਸ਼ਾਮਲ ਕਰ ਸਕਦੀ ਹੈ। ਪੰਥਕ ਹਲਕਿਆਂ ਵਿੱਚ ਇਸ SIT ਦੇ ਗਠਨ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਅਸਲੀ ਸੱਚ ਸਾਹਮਣੇ ਆਵੇਗਾ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।