ਸੰਸਦ ਮੈਂਬਰ ਕੰਗਨਾ ਰਣੌਤ ਦੇ ਥੱਪੜ ਕਾਂਡ ਦੀ ਜਾਂਚ ਲਈ ਮੁਹਾਲੀ ਦੇ ਐਸਪੀ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ। ਐਸਪੀ ਹਰਬੀਰ ਸਿੰਘ ਅਟਵਾਲ ਨੇ ਕਿਹਾ, “ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਹੈ, ਜਲਦੀ ਹੀ ਇੱਕ ਮਹਿਲਾ ਮੈਂਬਰ ਨੂੰ ਨਾਮਜ਼ਦ ਕੀਤਾ ਜਾਵੇਗਾ। ਅਸੀਂ ਸਾਰੇ ਪਹਿਲੂਆਂ ‘ਤੇ ਗੌਰ ਕਰਾਂਗੇ ਅਤੇ ਜਲਦੀ ਹੀ ਰਿਪੋਰਟ ਦੇਵਾਂਗੇ।”
ਇਸੇ ਦੌਰਾਨ, ਬੀਤੇ ਦਿਨ ਕਿਸਾਨ ਯੂਨੀਅਨਾਂ ਦੇ ਲਗਭਗ 1,000 ਪ੍ਰਦਰਸ਼ਨਕਾਰੀ ਕਿਸਾਨਾਂ ਨੇ 6 ਜੂਨ ਨੂੰ ਕੰਗਨਾ ਥੱਪੜ ਕਾਂਡ ਵਿੱਚ ਦਰਜ CISF ਕਾਂਸਟੇਬਲ ਕੁਲਵਿੰਦਰ ਕੌਰ ਲਈ ਇਨਸਾਫ਼ ਦੀ ਮੰਗ ਲਈ ਰੋਸ ਮਾਰਚ ਕੱਢਿਆ। ਕੁਲਵਿੰਦਰ ਦਾ ਭਰਾ ਸ਼ੇਰ ਸਿੰਘ ਮਹੀਵਾਲ ਵੀ ਇਸ ਮਾਰਚ ਦਾ ਹਿੱਸਾ ਸੀ।
ਐਸਕੇਐਮ (SKM) ਅਤੇ ਬੀਕੇਯੂ (BKU) ਦੇ ਪ੍ਰਦਰਸ਼ਨਕਾਰੀ ਕੱਲ੍ਹ ਦੁਪਹਿਰ ਗੁਰਦੁਆਰਾ ਅੰਬ ਸਾਹਿਬ ਨੇੜੇ ਇਕੱਠੇ ਹੋਏ ਤੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਨੇ ਕੰਗਨਾ ਵੱਲੋਂ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਲਈ ਉਸ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।
ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰਾ ਅੰਬ ਸਾਹਿਬ ਤੋਂ ਮੁਹਾਲੀ ਦੇ ਐਸਐਸਪੀ ਦਫ਼ਤਰ ਤੱਕ ਰੋਸ ਮਾਰਚ ਕੀਤਾ। ਐਸਕੇਐਮ ਮੈਂਬਰ ਬਾਅਦ ਵਿੱਚ ਐਸਐਸਪੀ ਦਫ਼ਤਰ ਪੁੱਜੇ ਤੇ ਮੰਗ ਪੱਤਰ ਸੌਂਪਿਆ। SKM ਅਤੇ BKU ਨੇ ਰਣੌਤ ਦੀ ਟੀਮ ਦੇ ਇੱਕ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ, ਜਿਸ ਨੇ ਇੱਕ ਔਰਤ ਦੀ ਪਿੱਠ ‘ਤੇ ਥੱਪੜ ਮਾਰਿਆ ਸੀ।
ਸਰਵਣ ਸਿੰਘ, ਜ਼ਿਲ੍ਹਾ ਪ੍ਰਧਾਨ ਬੀਕੇਯੂ (ਸ਼ਹੀਦ ਭਗਤ ਸਿੰਘ) ਨੇ ਕਿਹਾ – “ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਮਾਰਿਆ ਜਾਂ ਨਹੀਂ, ਅਸੀਂ ਨਹੀਂ ਜਾਣਦੇ ਪਰ ਇਕ ਗੱਲ ਤਾਂ ਸਾਫ਼ ਹੈ ਕਿ ਕੰਗਨਾ ਦੇ ਨਾਲ ਆਏ ਵਿਅਕਤੀ ਨੇ ਇਕ ਔਰਤ ਨੂੰ ਥੱਪੜ ਮਾਰਿਆ ਸੀ। ਉਸ ਵਿਰੁੱਧ ਵੀ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਜਾਂਦੀ?”