Punjab

ਵਰਿੰਦਰ ਘੁੰਮਣ ਮੌਤ ਮਾਮਲੇ ’ਚ SIT ਦਾ ਵੱਡਾ ਖ਼ੁਲਾਸਾ- ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਮੌਤ

ਬਿਊਰੋ ਰਿਪੋਰਟ (1 ਮਾਰਚ, 2026): ਏਸ਼ੀਆ ਦੇ ਇਕਲੌਤੇ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਬਣੀ ਐਸ.ਆਈ.ਟੀ. (SIT) ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ’ਤੇ ਵੱਡੇ ਸਵਾਲ ਚੁੱਕੇ ਹਨ। ਘੁੰਮਣ ਦੇ ਭਰਾ ਰੱਬੀ ਨੇ ਦਾਅਵਾ ਕੀਤਾ ਹੈ ਕਿ SIT ਦੀ ਰਿਪੋਰਟ ਵਿੱਚ ਮੌਤ ਦਾ ਮੁੱਖ ਕਾਰਨ ਡਾਕਟਰਾਂ ਦੀ ਲਾਪਰਵਾਹੀ ਦੱਸਿਆ ਗਿਆ ਹੈ।

ਰੱਬੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਰੁੱਧ ਲਗਾਏ ਗਏ ਇਲਜ਼ਾਮ ਸਹੀ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਹਸਪਤਾਲ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 9 ਅਕਤੂਬਰ 2025 ਨੂੰ ਸਰਜਰੀ ਦੌਰਾਨ ਵਰਿੰਦਰ ਘੁੰਮਣ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੇ ਨੀਲੇ ਪੈਣ ਕਾਰਨ ਪਰਿਵਾਰ ਨੇ ਲਾਪਰਵਾਹੀ ਦੇ ਦੋਸ਼ ਲਾਏ ਸਨ।

ਸਟੀਰੌਇਡ ਲੈਣ ਵਾਲਿਆਂ ਨੂੰ ਦਿੱਤਾ ਜਵਾਬ

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਰਿੰਦਰ ਘੁੰਮਣ ਆਪਰੇਸ਼ਨ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਸਨ। ਉਨ੍ਹਾਂ ਨੇ ਉਹਨਾਂ ਲੋਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ ਜੋ ਮੌਤ ਦਾ ਕਾਰਨ ਸਟੀਰੌਇਡ ਦੱਸ ਰਹੇ ਸਨ। ਰੱਬੀ ਅਨੁਸਾਰ SIT ਦੀ ਰਿਪੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਵਰਿੰਦਰ ਘੁੰਮਣ ਇੱਕ ਕੁਦਰਤੀ ਬਾਡੀ ਬਿਲਡਰ ਸਨ ਅਤੇ ਉਨ੍ਹਾਂ ਦੀ ਮੌਤ ਸਿਰਫ਼ ਡਾਕਟਰੀ ਗ਼ਲਤੀ ਕਾਰਨ ਹੋਈ ਹੈ।

ਸਲਮਾਨ ਖਾਨ ਨਾਲ ‘ਟਾਈਗਰ 3’ ਵਿੱਚ ਕੀਤਾ ਕੰਮ

43 ਸਾਲਾ ਵਰਿੰਦਰ ਘੁੰਮਣ ਇੱਕ ਕੌਮਾਂਤਰੀ ਪੱਧਰ ਦੇ ਬਾਡੀ ਬਿਲਡਰ ਹੋਣ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਸਰਗਰਮ ਸਨ। ਉਨ੍ਹਾਂ ਨੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ‘ਟਾਈਗਰ 3’ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਰਹੇ ਸਨ ਅਤੇ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸਨ। ਪਰਿਵਾਰ ਨੇ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਪੂਰੀ ਰਿਪੋਰਟ ਜਨਤਕ ਕਰਨ ਦੀ ਗੱਲ ਕਹੀ ਹੈ।