Punjab

ਨਸ਼ਿਆਂ ਵਾਲੀ ਸਿਟ ਦੇ ਮੁਖੀ ਦੇ ਪੁੱਤ ਨੂੰ ਮਿਲੀ ਤਰੱਕੀ, ਬਣਿਆ ਮੁੱਦਾ

‘ਦ ਖ਼ਾਲਸ ਬਿਊਰੋ : ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਟੀਮ ਐਸ.ਆਈ.ਟੀ ਦੇ ਮੁਖੀ ਏ ਆਈ ਜੀ ਬਲਰਾਜ ਸਿੰਘ ਦੇ ਪੁੱਤਰ ਪ੍ਰਿੰਸਪ੍ਰੀਤ ਸਿੰਘ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ। ਪਰ ਇਹ ਮਾਮਲਾ ਹੁਣ ਇੱਕ ਮੁੱਦਾ ਬਣ ਗਿਆ ਹੈ। ਜਾਣਕਾਰੀ ਮੁਤਾਬਿਕ ਏਆਈਜੀ ਬਲਰਾਜ ਸਿੰਘ ਨੂੰ 22 ਦਸੰਬਰ ਨੂੰ ਐਸ ਆਈ ਟੀ ਦਾ ਮੁਖੀ ਬਣਾਇਆ ਗਿਆ ਤੇ 27 ਦਸੰਬਰ ਨੂੰ ਉਸਦੇ ਪੁੱਤਰ ਨੂੰ ਇੰਸਪੈਕਟਰ ਵਜੋਂ ਲੋਕਲ ਰੈਂਕ ਦੇ ਦਿੱਤਾ ਗਿਆ। ਇਸਦੇ ਆਰਡਰ ਸਾਬਕਾ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਨੇ  ਜਾਰੀ ਕੀਤੇ ਸਨ। ਇਸ ਮਾਮਲੇ ਵਿੱਚ ਬਲਰਾਜ ਸਿੰਘ  ਤੋਂ ਜਦੋਂ ਉਨ੍ਹਾਂ ਦੇ ਪੁੱਤਰ ਦੀ ਤਰੱਕੀ ‘ਤੇ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ, “ਇਹ ਅਸਥਾਈ ਤਰੱਕੀ ਕੋਈ ਵੱਡਾ ਮੁੱਦਾ ਨਹੀਂ ਹੈ।  ਮੇਰੇ ਬੇਟੇ ਦੀ 2018 ਵਿੱਚ ਇਸਦੀ ਸਿਫਾਰਸ਼ ਕੀਤੀ ਗਈ ਸੀ।ਉਨ੍ਹਾਂ ਨੇ ਕਿਹਾ ਕਿ “ਮੇਰਾ ਪੁੱਤਰ ਇੱਕ ਵਿਦਵਾਨ ਹੈ ਅਤੇ ਉਸਨੇ ਚੋਰੀ ਹੋਏ ਵਾਹਨਾਂ ਨੂੰ ਲੱਭਣ ਲਈ ਖੋਜ ਕੀਤੀ ਹੈ। ਉਸ ਦੀ ਸੇਵਾ ਛੇ ਸਾਲ ਹੈ ਪਰ ਉਸ ਨੂੰ ਛੇ ਮਹੀਨੇ ਪਹਿਲਾਂ ਹੀ ਐਸਐਚਓ ਬਣਨ ਦਾ ਮੌਕਾ ਮਿਲਿਆ। ਇਹ ਵਿਵਾਦ ਬੇਲੋੜਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਏ ਆਈ ਜੀ ਬਲਰਾਜ ਸਿੰਘ ਦੇ ਪੁੱਤਰ ਦੀ ਇਹ ਤਰੱਕੀ ਤੇ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ। ਅਕਾਲੀ ਦਲ ਕਿਹਾ ਕਿ ਸਾਡਾ ਦੋ ਸ਼ ਬਿਲਕੁਲ ਸਹੀ ਸਾਬਤ ਹੋਇਆ ਹੈ। ਅਸੀਂ ਪਹਿਲੇ ਦਿਨ ਤੋਂ ਇਹ ਦਾਅਵਾ ਕਰ ਰਹੇ ਹਾਂ ਕਿ ਚਟੋਪਾਧਿਆਏ ਨੇ ਚੰਨੀ ਸਰਕਾਰ ਦੇ ਹੁਕਮਾਂ ‘ਤੇ ਗਲਤ ਖੇਡ ਖੇਡੀ ਹੈ। ਇਸ ਲਈ ਉਸ ਨੂੰ ਕਾਰਜਕਾਰੀ ਡੀਜੀਪੀ ਵਜੋਂ ਲਿਆਂਦਾ ਗਿਆ ਸੀ, ਕਿਉਂਕਿ ਪਿਛਲੇ ਅਫਸਰਾਂ ਨੇ ਕੋਈ ਗਲਤ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।