ਬਿਉਰੋ ਰਿਪੋਰਟ – ਗੁਰਦਾਸਪੁਰ ਦੇ ਦੀਨਾਗਰ ਦੇ ਪਿੰਡ ਸੀਹੋਵਾਲ 18 ਸਾਲ ਦੇ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਜਿਹੜੇ ਕਾਤਲ ਨੂੰ ਫੜਿਆ ਗਿਆ ਹੈ ਉਸ ਦੇ ਬਾਰੇ ਸੁਣ ਕੇ ਪੂਰੇ ਪਰਿਵਾਰ ਦੇ ਪੈਰਾ ਥੱਲੋ ਜ਼ਮੀਨ ਖਿਸਕ ਗਈ ਹੈ। ਪੁਲਿਸ ਨੇ ਕਤਲ ਦੇ ਇਲਜ਼ਾਮ ਵਿੱਚ ਜਿਨ੍ਹਾਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਵਿੱਚ ਇੱਕ ਚਾਚੇ ਦੀ ਧੀ ਅਤੇ ਉਸ ਦਾ ਦੋਸਤ ਹੈ ਜਿਸ ਦੇ ਨਾਲ ਉਸ ਦੇ ਪ੍ਰੇਮ ਸਬੰਧ ਸਨ। ਦੋਵਾਂ ਨੇ ਮਿਲਕੇ ਨੌਜਵਾਨ ਦਾ ਕਤਲ ਕਰਕੇ ਲਾਸ਼ ਨੂੰ ਰਜਬਾਹੇ ਦੇ ਕੋਲ ਸੁੱਟ ਕੇ ਫਰਾਰ ਹੋ ਗਏ।
SP ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਥਾਣਾ ਦੀਨਾਨਗਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਸੀਹੋਵਾਲ ਦੇ ਰਜਬਾਹੇ ਦੀ ਪਟਰੀ ’ਤੇ ਇੱਕ ਬੋਰੀ ਵਿੱਚ ਬੰਦ 18 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪੱਛਾਣ ਰੋਹਿਤ ਕੁਮਾਰ ਵਜੋਂ ਹੋਈ ਸੀ।
ਪਿਤਾ ਦੇ ਬਿਆਨਾਂ ‘ਤੇ ਜਾਂਚ ਅੱਗੇ ਵਧੀ ਅਤੇ ਮ੍ਰਿਤਕ ਰੋਹਿਤ ਕੁਮਾਰ ਦੇ ਚਾਚਾ ਸਲਵਿੰਦਰ ਕੁਮਾਰੀ ਦੀ ਧੀ ਪ੍ਰਿਆ ਅਤੇ ਉਸ ਦੇ ਦੋਸਤ ਬੌਬੀ ਨੂੰ ਕਤਲ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਬੋਰੀ ਵਿੱਚ ਬੰਦ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ।
ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ਦੇ ਸਮੇਂ ਵਰਤੀ ਜਾਣ ਵਾਲੀ ਲੱਕੜ, ਮੋਟਰਸਾਈਕਲ, ਬੋਰੀ, ਚੁੰਨੀ ਅਤੇ ਰੱਸੀ ਬਰਾਮਦ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪਹਿਲਾਂ ਉਨ੍ਹਾਂ ਦੇ ਖਿਲਾਫ ਕੋਈ ਵੀ ਕੇਸ ਦਰਜ ਨਹੀਂ ਹੈ।
ਉੱਧਰ ਕੁੜੀ ਨੇ ਦੱਸਿਆ ਕਿ ਉਨ੍ਹਾਂ ਦਾ ਚਾਚੇ ਦਾ ਭਰਾ ਉਸੇ ’ਤੇ ਗੰਦੀ ਨਜ਼ਰ ਰੱਖਦਾ ਸੀ। ਇਸੇ ਲਈ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਕਤਲ ਕਰ ਦਿੱਤਾ। ਉਸ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ, ਉਸ ਨੇ ਦੱਸਿਆ ਕਿ ਰੋਹਿਤ ਦੇ ਸਿਰ ’ਤੇ ਲੱਕੜ ਦੀ ਭਾਰੀ ਚੀਜ਼ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।