‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਸਭ ਤੋਂ ਵਧੀਆ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਦੀ ਪਿਛਲੇ ਪੰਜ ਸਾਲਾਂ ਵਿੱਚ ਕਾਇਆਕਲਪ ਕੀਤੀ ਗਈ ਹੈ। ਸਿਸੋਦੀਆ ਨੇ ਪੰਜਾਬ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਵੀ ਆਪਣੀ ਅਜਿਹੀ ਸੂਚੀ ਜਾਰੀ ਕਰੇ। ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਸੀ ਦਿੱਲੀ ਦੇ ਸਕੂਲਾਂ ਵਿੱਚ ਕੁੱਝ ਵੀ ਨਹੀਂ ਹੋਇਆ। ਇਸ ਦੇ ਜੁਆਬ ਵਿੱਚ ਸਿਸੋਦੀਆ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਕਿਸੇ ਵੀ ਸਮੇਂ ਇਨ੍ਹਾਂ ਸਕੂਲਾਂ ਦਾ ਦੌਰਾ ਕਰ ਸਕਦੇ ਹਨ ਅਤੇ ਇਸੇ ਤਰ੍ਹਾਂ ਉਹ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ,‘ਮੈਨੂੰ ਉਮੀਦ ਹੈ ਕਿ ਅੱਜ (ਐਤਵਾਰ) ਸ਼ਾਮ ਤੱਕ ਪੰਜਾਬ ਦੇ ਸਿੱਖਿਆ ਮੰਤਰੀ ਸੂਚੀ ਜਾਰੀ ਕਰ ਦੇਣਗੇ।’
ਸਿਸੋਦੀਆ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਪੰਜਾਬ ਤੇ ਦਿੱਲੀ ਦੇ ਕੁੱਝ ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨ ਲਈ ਕਿਹਾ ਸੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਨੇ 250 ਸਕੂਲਾਂ ਦੀ ਸੂਚੀ ਜਾਰੀ ਕਰਨ ਦਾ ਚੈਲੰਜ ਦਿੱਤਾ ਸੀ। ਅੱਜ ਮੈਂ ਦਿੱਲੀ ਦੇ 250 ਬੈਸਟ ਸਕੂਲਾਂ ਦੀ ਲਿਸਟ ਜਾਰੀ ਕਰ ਰਿਹਾ ਹਾਂ, ਜਿਨ੍ਹਾਂ ਵਿੱਚ ਸੁਧਾਰ ਹੋਇਆ ਹੈ। ਸਿਸੋਦੀਆ ਨੇ ਕਿਹਾ ਕਿ ਹੁਣ ਪਰਗਟ ਸਿੰਘ ਵੀ ਇਸ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਪੰਜਾਬ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਜਾਰੀ ਕਰਨ ਤਾਂ ਜੋ ਸਿੱਖਿਆ ਦੇ ਮੁੱਦੇ ‘ਤੇ ਜਨਤਕ ਡਿਬੇਟ ਹੋ ਸਕੇ।