India Punjab

ਸਿਰਸਾ ਨੇ ਕੇਂਦਰ ਦੇ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਫੈਸਲੇ ਦਾ ਕੀਤਾ ਸਵਾਗਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰ ਸਰਕਾਰ ਦੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਲੰਬੇ ਸਮੇਂ ਤੋਂ ਸਾਰੇ ਦੇਸ਼ ਭਰ ਦੇ ਸਿੱਖਾਂ ਦੀ ਇਹ ਮੰਗ ਸੀ ਕਿ ਕਰਤਾਰਪੁਰ ਲਾਂਘਾ ਮੁੜ ਖੋਲ੍ਹਿਆ ਜਾਵੇਗਾ। ਕਰਤਾਰਪੁਰ ਲਾਂਘਾ ਖੋਲ੍ਹਣਾ ਬਹੁਤ ਵੱਡੀ ਰਾਹਤ ਅਤੇ ਖੁਸ਼ਖਬਰੀ ਹੈ। ਚਾਹੇ ਦੇਰ ਨਾਲ ਹੀ ਸਹੀ, ਪਰ ਖੁਸ਼ਖਬਰੀ “ਖੁਸ਼ਖਬਰੀ” ਹੀ ਹੁੰਦੀ ਹੈ। ਸਿਰਸਾ ਨੇ ਕਿਹਾ ਕਿ ਸਾਡੇ 175 ਲੋਕ ਵਾਇਆ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਣਗੇ। ਉਹ ਅੱਜ ਇੱਥੋਂ ਰਵਾਨਾ ਹੋਏ ਹਨ ਅਤੇ ਕੱਲ੍ਹ ਸਵੇਰੇ ਪਾਕਿਸਤਾਨ ਪਹੁੰਚਣਗੇ।

ਸਿਰਸਾ ਨੇ ਕਿਹਾ ਕਿ ਕੱਲ੍ਹ ਉਹ ਪਹਿਲਾਂ ਲਾਹੌਰ ਅਤੇ ਫਿਰ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਜਾਣਗੇ। ਸਾਨੂੰ ਹਾਲੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਸੰਗਤਾਂ ਦੇ ਜਥੇ ਨੂੰ ਕਿਸ ਤਰੀਕੇ ਦੇ ਨਾਲ ਜਾਣ ਦੀ ਆਗਿਆ ਦੇਣਗੇ ਕਿਉਂਕਿ ਰੁਟੀਨ ਇਹ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵਾਂ ਜਥੇਬੰਦੀਆਂ ਨੂੰ ਸਰਕਾਰ ਦੱਸਦੀ ਹੈ ਕਿ ਇੰਨੇ ਲੋਕ ਤੁਹਾਡੇ ਜਾਣਗੇ ਅਤੇ ਇੰਨੇ ਲੋਕ ਸਾਡੇ ਜਾਣਗੇ।