India International Punjab

ਅਫ਼ਗਾਨਿਸਤਾਨ ‘ਚ ਸਿੱਖ-ਹਿੰਦੂ ਲੋਕਾਂ ਦਾ ਸਿਰਸਾ ਨੇ ਦੱਸਿਆ ਹਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਸਿੱਖਾਂ ਅਤੇ ਹਿੰਦੂ ਲੋਕਾਂ ਦੇ ਅਗਵਾ ਹੋਣ ਦੀਆਂ ਆ ਰਹੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੁੱਝ ਅਫ਼ਵਾਹਾਂ ਫੈਲ ਰਹੀਆਂ ਹਨ ਕਿ ਅਫ਼ਗਾਨਿਸਤਾਨ ਵਿੱਚ ਕੁੱਝ ਲੋਕ, 150 ਭਾਰਤੀ, ਜਿਨ੍ਹਾਂ ਵਿੱਚ ਸਿੱਖ, ਹਿੰਦੂ ਲੋਕ ਸ਼ਾਮਿਲ ਹਨ, ਅਗਵਾ ਹੋਏ ਹਨ। ਸਿਰਸਾ ਨੇ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਬਿਲਕੁਲ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਉਨ੍ਹਾਂ ਲੋਕਾਂ ਦੇ ਨਾਲ ਗੱਲਬਾਤ ਹੋਈ ਹੈ। ਉਹ ਸਾਰੇ ਲੋਕ ਗੁਰੂ ਘਰ ਵਿਖੇ ਸੁਰੱਖਿਅਤ ਹਨ। ਜਿਹੜੇ ਲੋਕ ਅਗਵਾ ਹੋਏ ਹਨ, ਉਹ ਗੁਰੂ ਘਰ ਤੋਂ ਬਾਹਰ ਵਾਲੀ ਕਿਸੇ ਜਗ੍ਹਾ ‘ਤੇ ਰਹਿਣ ਵਾਲੇ ਹੋਏ ਹਨ, ਜੋ ਗੁਰੂ ਘਰ ਵਿਖੇ ਨਹੀਂ ਠਹਿਰੇ ਹੋਏ ਸਨ।

ਕੀ ਹੈ ਮਾਮਲਾ ?

ਦਰਅਸਲ, ਭਾਰਤ ਸਰਕਾਰ ਨੇ ਅੱਜ ਕਿਹਾ ਹੈ ਕਿ ਉਹ ਕਾਬੁਲ ਹਵਾਈ ਅੱਡੇ ’ਤੇ ਫਸੇ ਭਾਰਤੀਆਂ, ਜਿਨ੍ਹਾਂ ਨੂੰ ਤਾਲਿਬਾਨ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਣ ਮਗਰੋਂ ਰਿਹਾਅ ਕਰ ਦਿੱਤਾ ਹੈ, ਨੂੰ ਜਲਦੀ ਹੀ ਉੱਥੋਂ ਵਾਪਸ ਲੈ ਆਵੇਗਾ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਹਵਾਈ ਅੱਡੇ ਨਜ਼ਦੀਕ ਹੀ ਉਡੀਕ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਤਾਲਿਬਾਨ ਨੇ ਹਿਰਾਸਤ ਵਿੱਚ ਲਏ 200 ਤੋਂ ਵੱਧ ਲੋਕਾਂ ਨੂੰ ਰਿਹਾਅ ਕੀਤਾ ਸੀ, ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਸੀ ਅਤੇ ਇਨ੍ਹਾਂ ਵਿੱਚ ਕੁੱਝ ਅਫ਼ਗ਼ਾਨ ਸਿੱਖ ਅਤੇ ਹਿੰਦੂ ਵੀ ਸ਼ਾਮਲ ਸਨ। ਜਾਣਕਾਰੀ ਅਨੁਸਾਰ ਜਿਵੇਂ ਹੀ ਇਹ ਲੋਕ ਕਾਬੁਲ ਹਵਾਈ ਅੱਡੇ ’ਤੇ ਪੁੱਜੇ ਤਾਂ ਤਾਲਿਬਾਨੀ ਲੜਾਕਿਆਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਤਸਦੀਕ ਲਈ ਜਿੱਥੇ ਸਥਾਨਕ ਪੁਲਿਸ ਸਟੇਸ਼ਨ ਲਿਜਾਇਆ ਗਿਆ, ਉੱਥੇ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਵਾਪਸ ਮੋੜ ਦਿੱਤਾ ਗਿਆ। ਇਸ ਤੋਂ ਪਹਿਲਾਂ ਅਲ-ਇਤਿਹਾ ਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਤਾਲਿਬਾਨ ਨਾਲ ਹੱਕਾਨੀ ਨੈੱਟਵਰਕ ਦੇ ਲੜਾਕਿਆਂ ਨੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਨਜ਼ਦੀਕ 150 ਦੇ ਕਰੀਬ ਲੋਕਾਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਨਾਗਰਿਕ ਹਨ, ਨੂੰ ਅਗਵਾ ਕਰ ਲਿਆ ਹੈ। ਤਾਲਿਬਾਨ ਦੇ ਤਰਜਮਾਨ ਅਹਿਮਦੁੱਲ੍ਹਾ ਵਸੀਕ ਨੇ ਇੱਕ ਰੋਜ਼ਨਾਮਚੇ ਨੂੰ ਦਿੱਤੀ ਇੰਟਰਵਿਊ ਵਿੱਚ ਅਗਵਾ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਤਰਜਮਾਨ ਨੇ ਕਿਹਾ ਕਿ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਉਨ੍ਹਾਂ ਦੇ ਸਾਥੀ ਮੌਜੂਦ ਸਨ, ਜਿਨ੍ਹਾਂ ਨੇ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਿਆ।