Punjab

ਅੰਮ੍ਰਿਤ ਸੰਚਾਰ ਜਥੇ ਦੇ ਸਿੰਘਾਂ ਨੂੰ ਕੀਤਾ ਜਾਵੇ ਬਹਾਲ! ਐਸਜੀਪੀਸੀ ਦੇਵੇ ਪਿਛਲਾ ਸਾਰਾ ਬਕਾਇਆ

ਬਿਉਰੋ ਰਿਪੋਰਟ – ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਮੁੱਖ ਜਥੇਦਾਰ ਜਥਾ ਸਿਰਲੱਖ ਖਾਲਸਾ ਨੇ ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir Singh) ਤੋਂ ਮੰਗ ਕੀਤੀ ਹੈ ਅੰਮ੍ਰਿਤ ਸੰਚਾਰ ਜਥੇ ਦੇ ਸਿੰਘਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਨੌਕਰੀ ਤੋਂ ਕੱਢਿਆ ਗਿਆ ਸੀ, ਉਸ ਬਰਖਾਸਤੀ ਨੂੰ ਹੁਣ ਰੱਦ ਕੀਤਾ ਜਾਵੇ ਕਿਉਂਕਿ ਹੁਣ ਸਾਬਤ ਹੋ ਗਿਆ ਹੈ ਕਿ ਉਹ ਸਹੀ ਸਨ।

ਦੱਸ ਦੇਈਏ ਕਿ ਅੰਮ੍ਰਿਤ ਸੰਚਾਰ ਜਥੇ ਦੇ ਸਿੰਘ, ਜਿਨ੍ਹਾਂ ਵਿੱਚ ਭਾਈ ਸਤਨਾਮ ਸਿੰਘ (ਖੰਡਾ), ਭਾਈ ਸਤਨਾਮ ਸਿੰਘ ਝੰਜੀਆਂ ਹੋਰ ਸਿੰਘ ਸ਼ਾਮਲ ਹਨ। ਉਨ੍ਹਾਂ ਨੇ ਪੰਥਕ ਜੁਗਤ ‘ਤੇ ਪਹਿਰਾ ਦੇਂਦੇ ਹੋਏ ਤਤਕਾਲੀ ਜਥੇਦਾਰਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਸੀ। ਸਿਆਸੀ ਦਬਾਅ ਹੇਠ ਕੰਮ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਪੰਜ ਸਿੰਘਾਂ ਨੂੰ 1 ਜਨਵਰੀ 2016 ਨੂੰ ਨੌਕਰੀਆਂ ਤੋਂ ਬਰਖ਼ਾਸਤ ਕਰ ਦਿੱਤਾ ਸੀ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਏ ਫ਼ੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਫ਼ੈਸਲਾ ਗਲਤ ਸੀ। ਉਨ੍ਹਾਂ ਅਕਾਲ ਤਖਤ ਸਾਹਿਬ ਨੂੰ ਭੇਜੀ ਚਿੱਠੀ ਵਿਚ ਕਿਹਾ ਕਿ ਸਾਲ 2015 ਦੌਰਾਨ ਵਾਪਰੀਆਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿਰੋਧੀ ਦੇਸ਼ਾਂ ਦੀ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੁਖਬੀਰ ਸਿੰਘ ਬਾਦਲ ਨੇ ਸਵੀਕਾਰ ਕੀਤੀਆਂ ਸਨ। ਇਸ ਦੇ ਨਾਲ਼ ਹੀ ਤਤਕਾਲੀ ਜਥੇਦਾਰਾਂ ਨੂੰ ਵੀ ਦੋਸ਼ੀ ਸਮਝਦੇ ਹੋਏ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ।

ਖ਼ਾਲਸਾ ਪੰਥ ਦੀਆਂ ਭਾਵਨਾਵਾਂ ਇਸ ਮੁੱਦੇ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਇਹ ਜ਼ਰੂਰੀ ਬਣਦਾ ਹੈ ਇਨ੍ਹਾਂ ਪੰਜ ਸਿੰਘਾਂ ਦਾ ਮੁੱਦਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਰਦੇਸ਼ ਦਿੱਤੇ ਜਾਣ ਕਿ ਇਨ੍ਹਾਂ ਨੂੰ ਨੌਕਰੀਆਂ ਤੋਂ ਕੱਢੇ ਜਾਣ ਦਾ ਮਤਾ ਰੱਦ ਕਰਕੇ ਇਨ੍ਹਾਂ ਨੂੰ ਮੁੜ ਸਨਮਾਨ ਨਾਲ ਬਹਾਲ ਕੀਤਾ ਜਾਵੇ ਅਤੇ ਇਨ੍ਹਾਂ ਦੀਆਂ ਤਨਖਾਹਾਂ ਦਾ ਪਿਛਲਾ ਸਾਰਾ ਬਕਾਇਆ ਦਿੱਤਾ ਜਾਵੇ। ਪੰਥ ਦੇ ਵਡੇਰੇ ਹਿੱਤਾਂ ਅਤੇ ਨਿਰਪੱਖਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪ ਜੀ ਨੂੰ ਸਤਿਕਾਰ ਸਹਿਤ ਬੇਨਤੀ ਹੈ ਕਿ ਇਸ ਬਾਰੇ ਜਲਦ ਫ਼ੈਸਲਾ ਲਿਆ ਜਾਵੇ।

ਇਹ ਵੀ ਪੜ੍ਹੋ – ਅੰਮ੍ਰਿਤਸਰ ‘ਚ ਬੱਸ ਰੈਪਿਡ ਟਰਾਂਜ਼ਿਟ ਸਿਸਟਮ ਪ੍ਰੋਜੈਕਟ ਮੁੜ ਤੋਂ ਹੋਇਆ ਸ਼ੁਰੂ