ਪੰਜਾਬ ਦੇ ਮਸ਼ਹੂਰ ਗਾਇਕ ਤੇਜੀ ਕਾਹਲੋਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਆਪਣੇ ਬਾਰੇ ਫੈਲਾਈਆਂ ਜਾ ਰਹੀਆਂ ਉਹਨਾਂ ਖਬਰਾਂ ਨੂੰ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੈਨੇਡਾ ਵਿੱਚ ਰਾਜਸਥਾਨ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਉਸ ‘ਤੇ ਗੋਲੀਬਾਰੀ ਕਰਵਾਈ ਹੈ। ਤੇਜੀ ਨੇ ਸਪੱਸ਼ਟ ਕੀਤਾ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ ਹੈ। ਉਸ ਨੇ ਕਿਹਾ ਕਿ ਉਸ ਦਾ ਕਿਸੇ ਨਾਲ ਕੋਈ ਝਗੜਾ ਜਾਂ ਦੁਸ਼ਮਣੀ ਨਹੀਂ ਹੈ।
ਉਸ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਖਬਰਾਂ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪੁਸ਼ਟੀ ਕੀਤੀ ਜਾਵੇ ਅਤੇ ਇਨ੍ਹਾਂ ਝੂਠੀਆਂ ਖਬਰਾਂ ਕਾਰਨ ਆਪਣੇ ਅਤੇ ਪਰਿਵਾਰ ‘ਤੇ ਪਏ ਮਾਨਸਿਕ ਅਸਰ ਦਾ ਜ਼ਿਕਰ ਕਰਦਿਆਂ ਤੇਜੀ ਨੇ ਕਾਨੂਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ।
ਦਰਅਸਲ ਇਹ ਵਿਵਾਦ ਕਿਸੇ ਬਦਮਾਸ਼ ਦੀ ਇੱਕ ਕਥਿਤ ਪੋਸਟ ਤੋਂ ਸ਼ੁਰੂ ਹੋਇਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਦੇ ਗੈਂਗ ਵੱਲੋਂ ਤੇਜੀ ‘ਤੇ ਗੋਲੀਬਾਰੀ ਕਰਵਾਈ ਗਈ ਕਿਉਂਕਿ ਉਸ ਨੇ ਰੋਹਿਤ ਗੋਦਾਰਾ ਦੇ ਵਿਰੋਧੀ ਗੈਂਗ ਨੂੰ ਪੈਸੇ, ਹਥਿਆਰ ਅਤੇ ਸਹਿਯੋਗ ਦਿੱਤਾ ਸੀ। ਪੋਸਟ ਵਿੱਚ ਧਮਕੀ ਵੀ ਦਿੱਤੀ ਗਈ ਸੀ ਕਿ ਜੇ ਤੇਜੀ ਨਾ ਰੁਕਿਆ ਤਾਂ ਅਗਲੀ ਵਾਰ ਉਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ।