India Manoranjan

ਮੂਸੇਵਾਲਾ ਵਾਂਗ ਘੇਰਿਆ ਇੱਕ ਹੋਰ ਗਾਇਕ! ਥਾਰ ਭਜਾ ਕੇ ਬਚਾਈ ਜਾਨ, 3 ਮਹੀਨੇ ਪਹਿਲਾਂ ਹੀ ਹਟਾਈ ਸੀ ਸੁਰੱਖਿਆ

ਬਿਉਰੋ ਰਿਪੋਰਟ: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮਸ਼ਹੂਰ ਗਾਇਕ ਅਤੇ ਰੈਪਰ ਰਾਹੁਲ ਯਾਦਵ ਫ਼ਾਜ਼ਿਲਪੁਰੀਆ ’ਤੇ ਗੋਲੀਬਾਰੀ ਕੀਤੀ ਗਈ ਹੈ। ਜਦੋਂ ਹਮਲਾ ਹੋਇਆ ਤਾਂ ਉਹ ਆਪਣੀ ਚਿੱਟੀ ਥਾਰ ਵਿੱਚ ਜਾ ਰਿਹਾ ਸੀ। ਇਸ ਦੌਰਾਨ, ਹਮਲਾਵਰ ਪਿੱਛੇ ਤੋਂ ਇੱਕ ਹੋਰ ਕਾਰ ਵਿੱਚ ਆਏ ਅਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਫਾਜ਼ਿਲਪੁਰੀਆ ਨੂੰ ਇਸ ਦਾ ਇਸ਼ਾਰਾ ਮਿਲਿਆ, ਉਸਨੇ ਕਾਰ ਭਜਾ ਲਈ। ਜਿਸ ਕਾਰਨ ਉਹ ਇਸ ਹਮਲੇ ਤੋਂ ਵਾਲ-ਵਾਲ ਬਚ ਗਿਆ।

ਦੱਸ ਦੇਈਏ ਕਿ ਫਾਜ਼ਿਲਪੁਰੀਆ ਕੋਲ ਪਹਿਲਾਂ ਹਰਿਆਣਾ ਪੁਲਿਸ ਦੀ ਸੁਰੱਖਿਆ ਸੀ, ਪਰ ਸਰਕਾਰ ਨੇ 3 ਮਹੀਨੇ ਪਹਿਲਾਂ ਹੀ ਉਸ ਦੀ ਸੁਰੱਖਿਆ ਹਟਾ ਦਿੱਤਾ ਸੀ। ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਸਪੈਸ਼ਲ ਟਾਸਕ ਫੋਰਸ (STF) ਨੂੰ ਇਨਪੁੱਟ ਮਿਲਿਆ ਸੀ ਕਿ ਬਦਮਾਸ਼ ਇੱਕ ਗਾਇਕ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਮਾਮਲਾ ਦਰਜ, ਜਾਂਚ ਜਾਰੀ

ਫਿਲਹਾਲ ਗੁਰੂਗ੍ਰਾਮ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਬੁਲਾਰੇ ਦਾ ਕਹਿਣਾ ਹੈ ਕਿ ਮੌਕੇ ’ਤੇ ਗੋਲੀਬਾਰੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਹਮਲੇ ਤੋਂ ਬਾਅਦ ਫਾਜ਼ਿਲਪੁਰੀਆ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਫਾਜ਼ਿਲਪੁਰੀਆ ਬਾਲੀਵੁੱਡ ਫਿਲਮ ਕਪੂਰ ਐਂਡ ਸੰਨਜ਼ ਵਿੱਚ ‘ਲੜਕੀ ਬਿਊਟੀਫੁੱਲ, ਕਰ ਗਈ ਚੁਲ’ ਗਾਉਣ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ।

ਮੂਸੇਵਾਲਾ ਵਾਂਗ ਘੇਰਿਆ ਫ਼ਾਜ਼ਿਲਪੁਰੀਆ

ਫਾਜ਼ਿਲਪੁਰੀਆ ’ਤੇ ਹਮਲੇ ਦਾ ਤਰੀਕਾ ਬਿਲਕੁਲ ਉਹੀ ਹੈ ਜਿਵੇਂ 3 ਸਾਲ ਪਹਿਲਾਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਫ਼ਾਜ਼ਿਲਪੁਰੀਆ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਦਾ ਦੋਸਤ ਹੈ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੀ ਟਿਕਟ ’ਤੇ ਲੋਕ ਸਭਾ ਚੋਣਾਂ ਵੀ ਲੜ ਚੁੱਕਾ ਹੈ।