ਪਟਿਆਲਾ : ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਦੇ ਨਜ਼ਦੀਕੀ ਸ਼ਾਰਪੀ ਘੁੰਮਣ ਨੂੰ ਗ੍ਰਿਫਤਾਰ ਕੀਤਾ ਹੈ । ਉਨ੍ਹਾਂ ਦੇ ਨਾਲ 8 ਹੋਰ ਸਾਥੀਆਂ ਦੀ ਗ੍ਰਿਫਤਾਰ ਹੋਈ ਹੈ, ਜਿਸ ਵਿੱਚ ਟਰੈਵਲ ਏਜੰਟ ਵੀ ਸ਼ਾਮਲ ਹੈ । ਮੀਡੀਆ ਰਿਪੋਰਟ ਦੇ ਮੁਤਾਬਿਕ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਦੇ ਪਿੱਛੇ ਕੀ ਕਾਰਨ ਹੈ ? ਇਹ ਫਿਲਹਾਲ ਸਾਫ ਨਹੀਂ ਹੈ, ਪਰ 17 ਅਪ੍ਰੈਲ ਨੂੰ ਕੈਲੀਫੋਰਨੀਆ ਵਿੱਚ ਕਰਨ ਔਜਲਾ ਦੇ ਸ਼ੋਅ ਨਾਲ ਜੋੜ ਕੇ ਇਸ ਨੂੰ ਵੇਖਿਆ ਜਾ ਰਿਹਾ ਹੈ ਜਿਸ ਵਿੱਚ ਗੈਂਗਸਟਰ ਅਨਮੋਲ ਬਿਸ਼ਨੋਈ ਨਜ਼ਰ ਆਇਆ ਸੀ । ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੂਬਾ ਅਤੇ ਕੇਂਦਰ ਸਰਕਾਰ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਏਜੰਸੀਆਂ ਹੋਈਆਂ ਅਲਰਟ
ਪਿਛਲੇ ਸਾਲ ਸਤੰਬਰ ਦੇ ਮਹੀਨੇ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਜ਼ਰਬੇਜਾਨ ਵਿੱਚ ਡਿਟੇਨ ਕੀਤਾ ਸੀ । ਪਰ ਇਸ ਦੇ ਬਾਵਜੂਦ ਅਨਮੋਲ ਬਿਸ਼ਨੋਈ 17 ਅਪ੍ਰੈਲ ਨੂੰ ਕੈਲੀਫੋਰਨੀਆ ਵਿੱਚ ਕਰਨ ਔਜਲਾ ਦੇ ਸ਼ੋਅ ਵਿੱਚ ਨਾਲ ਖੜਾ ਹੋ ਕੇ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਸੀ । ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਸਾਨੂੰ ਨਹੀਂ ਪਤਾ ਆਖਿਰ ਕਿਵੇਂ ਅਨਮੋਲ ਬਿਸ਼ਨੋਈ ਕੈਲੀਫੋਰਨੀਆ ਪਹੁੰਚ ਗਿਆ ਹੈ, ਉਸ ਵੇਲੇ ਸਾਨੂੰ ਦੱਸਿਆ ਗਿਆ ਸੀ ਕਿ ਉਸ ਨੂੰ ਅਜ਼ਰਬੇਜਾਨ ਵਿੱਚ ਡਿਟੇਨ ਕੀਤਾ ਗਿਆ ਹੈ। ਅਸੀਂ ਇਸ ਦੀ ਜਾਚ ਕਰਾਂਗੇ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਅਤੇ ਸੂਬਾ ਏਜੰਸੀਆਂ ਅਲਰਟ ਹੋ ਗਈਆਂ ਹਨ ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕੇ ਸਨ ਸਵਾਲ
ਕਰਨ ਔਜਲਾ ਦੇ ਨਜ਼ਦੀਕੀ ਸ਼ਾਰਪੀ ਘੁੰਮਣ ਦਾ ਇਸ ਸ਼ੋਅ ਨਾਲ ਕੀ ਲਿੰਕ ਸੀ ? ਅਨਮੋਲ ਬਿਸ਼ਨੋਈ ਨਾਲ ਕੀ ਲਿੰਕ ਸੀ ? ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਇਸ ‘ਤੇ ਮਿਲ ਕੇ ਕੰਮ ਕਰ ਰਹੀਆਂ ਹਨ। ਦੋਵੇਂ ਹੁਣ ਇੱਕ-ਇੱਕ ਪੁਆਇੰਟ ‘ਤੇ ਕੰਮ ਕਰ ਰਹੇ ਹਨ । ਵੀਡੀਓ ਵੇਖ ਦੁਖੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਇਲਜ਼ਾਮ ਲਗਾਏ ਸਨ ਕਿ ਸਾਰੇ ਮਿਲੇ ਹੋਏ ਹਨ, ਕੇਂਦਰੀ ਏਜੰਸੀਆਂ ਨੇ ਅਨਮੋਲ ਬਿਸ਼ਨੋਈ ਨੂੰ ਡਿਟੇਨ ਕਰਨ ਦਾ ਦਾਅਵਾ ਕੀਤਾ ਸੀ ਤਾਂ ਕਿਵੇਂ ਕੈਲੀਫੋਰਨੀਆ ਪਹੁੰਚ ਗਿਆ । ਪਿਤਾ ਨੇ ਕਰਨ ਔਜਲਾ ‘ਤੇ ਵੀ ਸਵਾਲ ਚੁੱਕੇ ਸਨ, ਆਖਿਰ ਉਨ੍ਹਾਂ ਨੂੰ ਕਿਉਂ ਨਹੀਂ ਪਤਾ ਸੀ ਕਿ ਸ਼ੋਅ ਬੁੱਕ ਕਰਨ ਵਾਲਾ ਸ਼ਖਸ ਕੌਣ ਹੈ ? ਅਤੇ ਕਿਸ ਤਰ੍ਹਾਂ ਦੇ ਲੋਕਾਂ ਨਾਲ ਲਿੰਕ ਹੈ ? ਇਸ ਪੂਰੇ ਵਿਵਾਦ ਤੋਂ ਬਾਅਦ ਕਰਨ ਔਜਲਾ ਦੀ ਸਫਾਈ ਵੀ ਆਈ ਸੀ ।
ਕਰਨ ਔਜਲਾ ਦੀ ਸਫਾਈ
ਕਰਨ ਔਜਲਾ ਨੇ ਕਿਹਾ ਸੀ ਕਿ ਜਦੋਂ ਅਸੀਂ ਪਰਫਾਰਮ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਨਹੀਂ ਪਤਾ ਹੁੰਦਾ ਹੈ ਕਿ ਸਾਡੇ ਸਾਹਮਣੇ ਆਲੇ-ਦੁਆਲੇ ਕੌਣ ਹੁੰਦਾ ਹੈ। ਸਾਡਾ ਫੋਕਸ ਪੂਰੀ ਤਰ੍ਹਾਂ ਆਪਣੀ ਪਰਫਾਰਮੈਂਸ ‘ਤੇ ਹੁੰਦਾ ਹੈ, ਔਜਲਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਇਹ ਸ਼ਖਸ ਕੌਣ ਹੈ ਜਿਸ ਨੂੰ ਲੈ ਕੇ ਵਿਵਾਦ ਹੋਇਆ ਹੈ ਅਤੇ ਇਸ ਨੂੰ ਕਿਸ ਨੇ ਸੱਦਾ ਦਿੱਤਾ ਹੈ। ਜਦੋਂ ਮੈਨੂੰ ਮੈਸੇਜ ਆਉਣੇ ਸ਼ੁਰੂ ਹੋਏ ਤਾਂ ਮੈਂ ਵੀਡੀਓ ਵੇਖਿਆ ਤਾਂ ਵਿਵਾਦ ਬਾਰੇ ਜਾਣਕਾਰੀ ਮਿਲੀ ਸੀ।