Punjab Religion

ਕੀਰਤਨ ਵਿਵਾਦ ’ਤੇ ਗਾਇਕ ਜਸਬੀਰ ਜੱਸੀ ਦਾ ਵੱਡਾ ਬਿਆਨ

ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਕੀਰਤਨ ਵਿਵਾਦ ’ਤੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਅਤੇ ਜਥੇਦਾਰ ਸਾਹਿਬ ਦੇ ਸਤਿਕਾਰ ਨੂੰ ਲੈ ਕੇ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਜੱਸੀ ਨੇ ਸਪੱਸ਼ਟ ਕੀਤਾ ਕਿ ਸਿੱਖ ਪੰਥ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਇੱਕੋ ਇੱਕ ਸਰਵਉੱਚ ਅਸਥਾਨ ਹੈ। ਉੱਥੋਂ ਦੇ ਜਥੇਦਾਰ ਸਾਹਿਬ ਜੋ ਵੀ ਫੈਸਲਾ ਜਾਂ ਹੁਕਮ ਜਾਰੀ ਕਰਨਗੇ, ਉਹ ਉਸ ਨੂੰ ਪੂਰਨ ਰੂਪ ਵਿੱਚ ਮੰਨਣਗੇ ਅਤੇ ਸਤਿਕਾਰ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਵਿਰੁੱਧ ਬੋਲਣਾ ਗਲਤ ਹੈ ਕਿਉਂਕਿ ਇਹ ਘਰ ਦੀ ਲੜਾਈ ਨੂੰ ਵੈਰੀਆਂ ਨੂੰ ਫਾਇਦਾ ਪਹੁੰਚਾਉਂਦੀ ਹੈ। ਜੇਕਰ ਸਿੱਖ ਆਪਣੇ ਘਰ ਵਿੱਚ ਹੀ ਝਗੜੇ ਪਾਉਣਗੇ ਤਾਂ ਇਸ ਨਾਲ ਸਿੱਖੀ ਦੇ ਵਿਰੋਧੀ, ਜਿਵੇਂ ਡੇਰੇਦਾਰ ਅਤੇ ਕਬਰਾਂ ਨੂੰ ਮੰਨਣ ਵਾਲੇ ਲੋਕ ਖੁਸ਼ ਹੋਣਗੇ ਅਤੇ ਫਾਇਦਾ ਚੁੱਕਣਗੇ।

ਜੱਸੀ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਥੇਦਾਰ ਸਾਹਿਬ ਬਾਰੇ ਕੋਈ ਨਕਾਰਾਤਮਕ ਜਾਂ ਮਾੜੀ ਗੱਲ ਨਾ ਕੀਤੀ ਜਾਵੇ। ਉਨ੍ਹਾਂ ਅਨੁਸਾਰ ਜਥੇਦਾਰ ਨੇ ਜੋ ਵੀ ਫੈਸਲਾ ਲਿਆ ਹੈ, ਉਹ ਸਿੱਖ ਮਰਯਾਦਾ ਦੀ ਰਾਖੀ ਲਈ ਹੀ ਲਿਆ ਹੈ।ਸੋਸ਼ਲ ਮੀਡੀਆ ਤੇ ਚੱਲ ਰਹੀਆਂ ਅਫਵਾਹਾਂ ਨੂੰ ਜਵਾਬ ਦਿੰਦਿਆਂ ਜਸਬੀਰ ਜੱਸੀ ਭਾਵੁਕ ਹੋ ਗਏ। ਕੁਝ ਲੋਕ ਕਹਿ ਰਹੇ ਸਨ ਕਿ ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਧਰਮ ਬਦਲ ਲੈਣਗੇ।

ਇਸ ਦਾ ਜਵਾਬ ਦਿੰਦਿਆਂ ਜੱਸੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਸਰੀਰ ਦੇ ਲੱਖਾਂ ਟੋਟੇ ਕਰ ਦਿੱਤੇ ਜਾਣ ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਕਦੇ ਨਹੀਂ ਛੱਡਣਗੇ। ਉਹ ਸ਼ੋਹਰਤ, ਪੈਸੇ ਜਾਂ ਚਮਤਕਾਰਾਂ ਪਿੱਛੇ ਨਹੀਂ ਭੱਜਦੇ, ਸਗੋਂ ਹਮੇਸ਼ਾ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹਿਣਗੇ।

ਜੱਸੀ ਨੇ ਉੱਘੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਨੇ ਵੱਡਾਪਣ ਦਿਖਾਉਂਦੇ ਹੋਏ ਸਾਰੀ ਜ਼ਿੰਮੇਵਾਰੀ ਆਪਣੇ ਉੱਤੇ ਲੈ ਲਈ ਹੈ। ਭਾਈ ਸਾਹਿਬ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਵੱਡਾ ਯਤਨ ਕਰ ਰਹੇ ਹਨ।ਆਪਣੇ ਉੱਤੇ ਹੋ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਜੱਸੀ ਨੇ ਦੱਸਿਆ ਕਿ ਉਹ ਕਬਰਾਂ ਵਿਰੁੱਧ ਇਸ ਲਈ ਬੋਲਦੇ ਹਨ ਕਿਉਂਕਿ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਵਿਸ਼ਾਲ ਖਜ਼ਾਨਾ ਹੈ। ਕਬਰਾਂ ਦਾ ਨਾ ਤਾਂ ਵਜੂਦ ਹੈ ਨਾ ਇਤਿਹਾਸ, ਜਦਕਿ ਸਿੱਖ ਇਤਿਹਾਸ ਬਹੁਤ ਮਹਾਨ ਹੈ। ਉਹ ਚਾਹੁੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਹਰ ਧਰਮ ਦੇ ਲੋਕਾਂ ਤੱਕ ਪਹੁੰਚੇ ਤਾਂ ਜੋ ਸਾਰੇ ਆਪਣਾ ਜੀਵਨ ਪਵਿੱਤਰ ਕਰ ਸਕਣ।

ਕੀ ਹੈ ਪੂਰਾ ਮਾਮਲਾ

ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮਾਂ ਦੌਰਾਨ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਕੀਰਤਨ ਕੀਤਾ ਸੀ। ਇਸ ਕੀਰਤਨ ਦੀ ਵੀਡੀਓ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸ਼ੇਅਰ ਕੀਤੀ।

ਸਿੱਖ ਰਹਿਤ ਮਰਯਾਦਾ ਦਾ ਹਵਾਲਾ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਤੇ ਇਤਰਾਜ਼ ਜਤਾਇਆ। ਜਥੇਦਾਰ ਨੇ ਸਪੱਸ਼ਟ ਕੀਤਾ ਕਿ ਸਿੱਖ ਰੀਤਾਂ ਅਨੁਸਾਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕੇਵਲ ਪੂਰਨ ਸਿੱਖ ਹੀ ਕਰ ਸਕਦਾ ਹੈ।

ਪਤਿਤ ਸਿੱਖ ਨੂੰ ਇਹ ਅਧਿਕਾਰ ਨਹੀਂ ਹੈ। ਕੀਰਤਨ ਕਰਨ ਵਾਲੇ ਵਿਅਕਤੀ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਉਹ ਸੱਚਾ ਸਿੱਖ ਹੋਣਾ ਚਾਹੀਦਾ ਹੈ। ਜਥੇਦਾਰ ਨੇ ਜ਼ੋਰ ਦਿੱਤਾ ਕਿ ਧਾਰਮਿਕ ਸਮਾਗਮਾਂ ਵਿੱਚ ਮਰਯਾਦਾ ਦੀ ਪਾਲਣਾ ਲਾਜ਼ਮੀ ਹੈ ਅਤੇ ਇਸ ਦੀ ਉਲੰਘਣਾ ਸਿੱਖ ਧਰਮ ਦੀ ਮਰਯਾਦਾ ਵਿਰੁੱਧ ਹੈ।