ਬਿਊਰੋ ਰਿਪੋਰਟ : ਗਾਇਕ ਇੰਦਰਜੀਤ ਸਿੰਘ ਨਿੱਕੂ ਨੂੰ ਲੱਗਦਾ ਹੈ ਸੁਰੱਖਿਆ ਵਿੱਚ ਰਹਿਣ ਦਾ ਤਰੀਕਾ ਆ ਗਿਆ ਹੈ । ਗਾਣੇ ਭਾਵੇ ਚੱਲਣ ਜਾਂ ਨਹੀਂ ਪਰ ਉਨ੍ਹਾਂ ਨੇ ਵਾਰ-ਵਾਰ ਬਿਆਨ ਪਲਟ ਕੇ ਲਾਈਮ ਲਾਈਟ ਵਿੱਚ ਆਉਣਾ ਸਿਖ ਲਿਆ ਹੈ । ਨਿੱਕੂ ਦੇ ਨਵੇਂ ਗਾਣੇ ਦੇ ਬੋਲਾਂ ਵਿੱਚ ਇਹ ਝਲਕ ਦਾ ਹੈ । ਕੱਲ ਤੱਕ ਉਹ ਬਾਗੇਸ਼ਵਰ ਧਾਮ ਜਾਣ ‘ਤੇ ਫੈਨਸ ਤੋਂ ਮੁਆਫੀ ਮੰਗ ਰਹੇ ਸਨ ਹੁਣ ਗਾਣੇ ਵਿੱਚ ਲੋਕਾਂ ‘ਤੇ ਹੀ ਸਵਾਲ ਚੁੱਕ ਰਹੇ ਹਨ । ਬਾਗੇਸ਼ਵਰ ਧਾਮ ਦੂਜੀ ਵਾਰ ਜਾਣ ਤੋਂ ਬਾਅਦ ਜਦੋਂ ਨਿੱਕੂ ਦਾ ਸੋਸ਼ਲ ਮੀਡੀਆ ‘ਤੇ ਮੁੜ ਤੋਂ ਵਿਰੋਧ ਹੋਇਆ ਸੀ ਤਾਂ ਉਨ੍ਹਾਂ ਨੇ ਆਪਣੇ ਪਿੰਡ ਛੇਵੇਂ ਪਾਤਸ਼ਾਹ ਦੇ ਅਸਥਾਨ ‘ਤੇ ਜਾਕੇ ਮੁਆਫੀ ਮੰਗ ਦੇ ਹੋਏ ਕਿਹਾ ਸੀ ਕਿ ਜੇ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਸਾਰੇ ਪੰਜਾਬੀ ਭੈਣ ਭਰਾਵਾਂ ਤੋਂ ਮੁਆਫੀ ਮੰਗਦਾ ਹਾਂ । ਹੁਣ ਇੱਕ ਵਾਰ ਮੁੜ ਤੋਂ ਨਿੱਕੂ ਉਸ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਆਪਣੇ ਨਵੇਂ ਗੀਤ ਨਾਲ ਸਵਾਲ ਪੁੱਛ ਰਿਹਾ ਹੈ ।
ਨਿੱਕੂ ਨੇ ਲਾਂਚ ਕੀਤਾ ਨਵਾਂ ਗੀਤ
ਨਿੱਕੂ ਨੇ ਨਵੇਂ ਗੀਤ ਨਾਲ ਸਫਾਈ ਦਿੱਤੀ ਹੈ ਕਿ ‘ਗੱਦਾਰ ਵਿੱਚ ਲੋਕ ਕਿਉਂ ਨੇ ਤੋਲਦੇ,ਪੱਗ ਦੇ ਸੀ ਫੈਨ,ਅੱਜ ਪੱਗ ਨੂੰ ਰੋਲਦੇ,ਬਾਬੇ ਨਾਨਕ ਦਾ ਹਾਂ ਪੁੱਤ’। ਨਿੱਕੂ ਨੇ ਕਿਹਾ ਉਨ੍ਹਾਂ ਦੇ ਬੱਚੇ ਪੁੱਛ ਦੇ ਹਨ ਕਿ ਅਜਿਹਾ ਉਨ੍ਹਾਂ ਨੇ ਕਿਹੜਾ ਗੁਨਾਹ ਕੀਤਾ ਜੋ ਲੋਕ ਉਨ੍ਹਾਂ ਨੂੰ ਗੱਦਾਰ ਨਾਲ ਤੋਲ ਦੇ ਹਨ । ਕੱਲ ਤੱਕ ਜੋ ਲੋਕ ਉਨ੍ਹਾਂ ਦੀ ਪੱਗ ਦੇ ਫੈਨ ਸੀ ਅੱਜ ਉਹ ਹੀ ਲੋਕ ਉਨ੍ਹਾਂ ਦੀ ਪੱਗ ਦਾ ਅਪਮਾਨ ਕਿਉਂ ਕਰ ਰਹੇ ਹਨ। ਨਿੱਕੂ ਕਹਿੰਦਾ ਹੈ ਕੀ ਮੈਂ ਕਿਸੇ ਦਾ ਕਤਲ ਕੀਤਾ ਹੈ ? ਸਿਆਸੀ ਆਗੂਆਂ ਵਾਂਗ ਝੂਠ ਬੋਲਿਆ ? ਜੋ ਉਨ੍ਹਾਂ ਨੂੰ ਇਸ ਤਰ੍ਹਾਂ ਗੁਨਾਹਗਾਰ ਦੱਸਿਆ ਜਾ ਰਿਹਾ ਹੈ । ਦੁੱਖ ਦੇ ਸਮੇਂ ਇਨਸਾਨ ਹਰ ਥਾਂ ਉਮੀਦ ਦੀ ਆਸ ਲੈਕੇ ਜਾਂਦਾ ਹੈ । 80 ਫੀਸਦੀ ਲੋਕ ਅਜਿਹਾ ਹੀ ਕਰਦੇ ਹਨ। ਜੋ ਬਾਬਿਆਂ ਕੋਲ ਜਾਂਦੇ ਹਨ ਉਹ ਮੀਟ ਮੁਰਗੇ ਵੀ ਖਾਂਦੇ ਹਨ ਇਹ ਜੋ ਲੋਕ ਮੈਨੂੰ ਬੁਰਾ ਕਹਿ ਰਹੇ ਹਨ । ਉਹ ਆਪ ਕਿੰਨੇ ਸਹੀ ਹਨ।
ਨਿੱਕੂ ਨੇ ਕਿਹਾ ਮੇਰਾ ਕਸੂਰ ਸਿਰਫ ਇਹ ਹੀ ਹੈ ਕਿ ਲੋਕਾਂ ਵਿੱਚ ਥੋੜ੍ਹਾ ਬਹੁਤ ਮਸ਼ਹੂਰ ਹਾਂ। ਬਾਗੇਸ਼ਵਰ ਧਾਮ ਦੀ ਵੀਡੀਓ ਸਿਰਫ ਹਸਾਉਣ ਦੇ ਲਈ ਸ਼ੇਅਰ ਕੀਤੀ ਸੀ। ਕਈ ਲੋਕਾਂ ਨੂੰ ਤਰਸ ਆਇਆ ਅਤੇ ਉਨ੍ਹਾਂ ਨੇ ਹੱਲਾਸ਼ੇਰੀ ਦੇ ਦਿੱਤੀ । ਮੈਂ ਕੁਝ ਸ਼ੋਅ ਵੀ ਕੀਤੇ ਸਨ,ਪਰ ਕਈ ਲੋਕਾਂ ਨੇ ਮੇਰੇ ਸ਼ੋਅ ਹੀ ਕੈਂਸਲ ਕਰਵਾ ਦਿੱਤੇ । ਕੁਝ ਲੋਕ ਅਜਿਹੇ ਵੀ ਹਨ ਜਿੰਨ੍ਹਾਂ ਨੇ ਸ਼ੋਅ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਸਿਰਫ਼ ਸ਼ੋਅ ਆਫ ਲਈ ।
ਨਿੱਕੂ ਕਹਿੰਦਾ ਹੈ ਕਿ ਉਹ ਲੋਕਾਂ ਦੀ ਨਫਰਤ ਦਾ ਭਾਰ ਚੁੱਕਦੇ ਰਹਿਣਗੇ । ਉਹ ਹਰ ਧਰਮ ਦਾ ਸਤਿਕਾਰ ਅਤੇ ਸਨਮਾਨ ਕਰਦੇ ਹਨ । ਕਿਉਂਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਨ । ਕੱਲ ਤੱਕ ਜੋ ਲੋਕ ਮੇਰੇ ਗੀਤਾਂ ਦੇ ਝੂਮ ਦੇ ਸਨ ਅੱਜ ਉਹ ਹੀ ਲੋਕ ਉਨ੍ਹਾਂ ਨਾਲ ਨਫਰਤ ਕਰ ਰਹੇ ਹਨ। ਪਰ ਕਿਸੇ ਦੀ ਮਾਂ ਅਤੇ ਭੈਣ ਨੂੰ ਗਾਲਾਂ ਕੱਢਣ ਵਾਲੇ ਆਪ ਕਿੰਨੇ ਸਹੀ ਹਨ ਇਹ ਜ਼ਰਾ ਸੋਚਣ ? ਉਧਰ ਲੋਕ ਵੀ ਸੋਸ਼ਲ ਮੀਡੀਆ ‘ਤੇ ਨਿੱਕੂ ਕੋਲੋ ਸਵਾਲ ਪੁੱਛ ਰਹੇ ਹਨ ।
ਨਿੱਕੂ ਨੂੰ ਲੋਕਾਂ ਦਾ ਸਵਾਲ
ਲੋਕ ਨਿੱਕੂ ਨੂੰ ਸਵਾਲ ਪੁੱਛ ਰਹੇ ਹਨ ਕਿ ਜਦੋਂ ਗਾਇਕੀ ਦੀ ਬੁਲੰਦੀ ‘ਤੇ ਸੀ ਤਾਂ ਉਸ ਨੇ ਜੁਗੋ ਜੁੱਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਕਰਾਨਾ ਕੀਤਾ ਜਾਂ ਨਹੀਂ ਇਸ ਬਾਰੇ ਪਤਾ ਨਹੀਂ ਪਰ ਜਦੋਂ ਦੁਖ ਜਾਂ ਇਹ ਕਹਿ ਲਿਆ ਜਾਵੇ ਆਰਥਿਕ ਤੰਗੀ ਹੋਈ ਤਾਂ ਉਹ ਅਜਿਹਾ ਡੋਲਿਆ ਕਿ ਮੱਥਾ ਰਗੜਨ ਦੇ ਲਈ ਦੁਨਿਆਵੀ ਦੇਹਧਾਰੀ ਬਾਬੇ ਦੇ ਪੈਰਾਂ ਵਿੱਚ ਜਾਕੇ ਡਿੱਗ ਗਿਆ ਅਤੇ ਦੁੱਖ ਦੇ ਬਦਲੇ ਸੁੱਖ ਮੰਗਣ ਦੇ ਲਈ ਬਾਬੇ ਦੇ ਦਰਬਾਰ ਵਿੱਚ ਤੋਲ ਮੋਲ ਕਰਨ ਲੱਗਿਆ ।
ਨਿੱਕੂ ਦੀ ਇਸ ਸ਼ਿਕਾਇਤ ਤੇ ਲੋਕਾਂ ਨੇ ਉਸ ਨੂੰ ਸਵਾਲ ਪੁੱਛਿਆ ਕੀ ਜਿਸ ਬਾਬੇ ਦਾ ਉਹ ਧੰਨਵਾਦ ਕਰਨ ਪਹੁਚਿਆ ਸੀ ਕੀ ਉਸ ਦੇ ਕਿਸੇ ਭਗਤ ਜਾਂ ਚੇਲੇ ਨੇ ਉਸ ਦਾ ਕੰਮ-ਕਾਜ ਪਟਰੀ ‘ਤੇ ਲਿਆਇਆ ? ਜਾਂ ਫਿਰ ਪੰਜਾਬੀਆਂ ਨੇ ਹੀ ਉਸ ਦਾ ਹੱਥ ਫੜਿਆ ਸੀ ? ਜਿਹੜੀ ਨੱਕ ਰਗੜਨ ਦੇ ਲਈ ਉਹ ਬਾਬੇ ਦੇ ਦਰਬਾਰ ਵਿੱਚ ਦੂਜੀ ਵਾਰ ਆਇਆ ਹੈ ਜੇਕਰ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਨੇ ਆਪਣਾ ਦਰਦ ਰੱਖਿਆ ਹੁੰਦਾ ਤਾਂ ਵੀ ਉਸ ਦੀ ਮਦਦ ਲਈ ਦਲਜੀਤ ਵਰਗੇ ਕਈ ਗਾਇਕਾਂ ਨੇ ਅੱਗੇ ਆ ਜਾਣਾ ਸੀ ।
ਦੂਜੀ ਗੱਲ ਨਿੱਕੂ ਜਿਹੜਾ ਤਰਕ ਦਿੰਦਾ ਹੈ ਕਿ ਗੁਰੂ ਮਹਾਰਾਜ ਦੀ ਮਰਜ਼ੀ ਦੇ ਬਿਨਾਂ ਪਤਾ ਨਹੀਂ ਹਿਲਦਾ ਹੈ ਸ਼ਾਇਦ ਉਨ੍ਹਾਂ ਨੇ ਹੀ ਆਪ ਉਸ ਨੂੰ ਭਾਗੇਸ਼ਵਰ ਧਾਮ ਦਾ ਦਰਵਾਜ਼ਾ ਵਿਖਾਇਆ ਹੋਵੇ ਤਾਂ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜਾ ਗੁਰੂ ਸਿੱਖ ਨੂੰ ਦੁਖ ਅਤੇ ਸੁੱਖ ਨੂੰ ਸਮ ਕਰ ਜਾਨਣ ਦੀ ਸਿੱਖਿਆ ਦਿੰਦਾ ਹੈ, ਦੇਹਧਾਰੀ ਗੁਰੂ ਤੋਂ ਦੂਰ ਨਹਿਰ ਸੁਨੇਹਾ ਦਿੰਦਾ ਹੈ ਉਹ ਆਖਿਰ ਕਿਵੇ ਸਿੱਖ ਨੂੰ ਉਸ ਰਸਤੇ ਭੇਜ ਸਕਦਾ ਹੈ । ਅਜਿਹੇ ਤਰਕ ਨਾਲ ਨਿੱਕੂ ਆਪਣੀ ਇਸ ਹਰਕਤ ਨੂੰ ਜਾਇਜ਼ ਨਹੀਂ ਠਹਿਰਾ ਸਕਦਾ ਹੈ।
ਤੀਜਾ ਨਿੱਕੂ ਕਹਿੰਦਾ ਹੈ ਕਿ ਜਦੋਂ ਉਸ ਨੇ ਗਾਇਕੀ ਸ਼ੁਰੂ ਕੀਤੀ ਤਾਂ ਉਸ ਨੂੰ ਕਾਫੀ ਸ਼ੋਅ ਮਿਲ ਦੇ ਸਨ,ਉਸ ਕੋਲ ਚੰਗਾ ਪੈਸਾ ਵੀ ਆ ਗਿਆ ਪਰ ਅਚਾਨਕ ਸ਼ੋਅ ਕਿਵੇਂ ਬੰਦ ਹੋ ਗਏ ? ਅਤੇ ਉਸ ਦੇ ਗਾਣੇ ਕਿਉਂ ਨਹੀਂ ਚੱਲੇ ? ਇਸ ਦਾ ਜਵਾਬ ਉਹ ਆਪਣੇ ਸਵਾਲ ਵਿੱਚ ਹੀ ਦੇ ਦਿੰਦਾ ਹੈ ? ਲੋਕ ਉਸ ਨੂੰ ਸੋਸ਼ਲ ਮੀਡੀਆ ਤੇ ਪੁੱਛ ਰਹੇ ਹਨ ਜਦੋਂ ਪਹਿਲਾਂ ਉਸ ਦੇ ਗਾਣੇ ਚੱਲੇ ਸਨ ਤਾਂ ਕੀ ਉਹ ਬਾਗੇਸ਼ਵਰ ਧਾਮ ਦੀ ਵਜ੍ਹਾ ਨਾਲ ਚੱਲੇ ਸਨ ?
ਬਾਕੀ ਗੱਲ ਰਹੀ ਉਸ ਦੀ ਮਾੜੀ ਆਰਥਿਕ ਸਥਿਤੀ ਦੀ ਤਾਂ ਉਹ ਆਪ ਮਨ ਦਾ ਹੈ ਜਦੋਂ ਪੈਸੇ ਸਨ ਤਾਂ ਆਲੀਸ਼ਾਨ ਕੋਠੀ ਵੀ ਪਾ ਲਈ ਅਤੇ ਸਟੇਟਸ ਸਿੰਬਲ ਦੇ ਲਈ ਨਵੀਆਂ ਗੱਡੀਆਂ ਵੀ ਖਰੀਦਿਆ,ਘਰ ਵਿੱਚ ਨੌਕਰ ਚਾਕਰ ਵੀ ਰੱਖੇ। ਯਾਨੀ ਚੰਗੇ ਸਮੇਂ ਉਸ ਨੇ ਐਸ਼ ਕਰਨ ਦੇ ਨਾਲ ਪੈਸੇ ਸਾਂਭੇ ਹੁੰਦੇ ਤਾਂ ਉਸ ਨੂੰ ਇਸ ਤਰ੍ਹਾਂ ਹੱਥ ਨਾ ਅੱਡਣੇ ਪੈਂਦੇ । ਜਿਸ ਦੇ ਲਈ ਉਹ ਆਪ ਹੀ ਜ਼ਿੰਮੇਵਾਰ ਹੈ,ਫਿਰ ਉਹ ਕਿਸੇ ਹੋਰ ਨੂੰ ਕਿਵੇਂ ਦੋਸ਼ ਦੇ ਸਕਦਾ ਹੈ । ਹਰ ਇੱਕ ਗਾਇਕ,ਕਲਾਕਾਰ ਜਾਂ ਫਿਰ ਪ੍ਰੋਫੈਸ਼ਨਲ ਦੀ ਜ਼ਿੰਦਗੀ ਵਿੱਚ ਅਜਿਹੇ ਮੌਕੇ ਆਉਂਦੇ ਹਨ ਜਦੋਂ ਉਹ ਬੁਲੰਦੀ ਦੇ ਹੁੰਦਾ ਹੈ ਅਤੇ ਫਿਰ ਉਹ ਸਮਾਂ ਵੀ ਆਉਂਦਾ ਹੈ ਜਦੋਂ ਟਰੈਂਡ ਦੇ ਹਿਸਾਬ ਨਾਲ ਉਸ ਦੇ ਕੰਮ ਤੇ ਵੀ ਫਰਕ ਆਉਂਦਾ ਹੈ। ਬਾਲੀਵੁੱਡ ਦੇ ਕਈ ਗਾਇਕ ਅਜਿਹੇ ਹਨ ਜੋ ਪਹਿਲਾਂ ਬੁਲੰਦੀ ‘ਤੇ ਸਨ ਹੁਣ ਉਨ੍ਹਾਂ ਨੂੰ ਨਵੀਂ ਪੀੜੀ ਜਾਣਦੀ ਨਹੀਂ ਹੈ ।
ਨਿੱਕੂ ਕਿਸੇ ਇੰਟਰਵਿਊ ਵਿੱਚ ਇੱਕ ਹੋਰ ਅਜੀਬੋ ਗਰੀਬ ਤਰਤ ਦਿੰਦਾ ਹੈ ਕਿ ਮੈਂ ਦਾੜੀ ਵਧਾਕੇ ਗੁਰੂ ਸਾਹਿਬ ਦੀ ਬਾਣੀ ਵਿੱਚ ਐਲਬੰਮ ਕੱਢੀ ਜਦੋਂ ਰਿਲੀਜ਼ ਦਾ ਸਮੇਂ ਆਇਆ ਤਾਂ ਉਸ ਨੇ ਦਾੜੀ ਕੱਟਾ ਲਈ ਤਾਂ ਉਸ ਦੀ ਐਲਬੰਮ ਨੂੰ ਰਿਲੀਜ਼ ਨਹੀਂ ਕਰਨ ਦਿੱਤਾ ਗਿਆ। ਇੱਥੇ ਨਿੱਕੂ ਦਾੜੀ ਨੂੰ ਕੱਟਰਵਾਦ ਨਾਲ ਜੋੜ ਦੇ ਹੋਏ ਸਿੱਖ ਆਗੂਆਂ ਨੂੰ ਨਸੀਹਤ ਦਿੰਦਾ ਹੈ। ਪਰ ਲੋਕ ਨਿੱਕੂ ਨੂੰ ਸਵਾਲ ਕਰ ਰਹੇ ਹਨ ਕਿ ਉਹ ਰੱਬ ਨਾਲ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਭੇਖੀ ਬਣਕੇ ਆਪਣੀ ਐਲਬੰਮ ਵੇਚ ਕੇ ਪੈਸੇ ਕਮਾਉਣ ਨੂੰ ਉਹ ਜਾਇਜ਼ ਕਰਾਰ ਦੇ ਰਿਹਾ ਸੀ, ਪਰ ਉਸ ਨੂੰ ਨਹੀਂ ਪਤਾ ਕਿ ਕੇਸ ਅਤੇ ਦਾੜੀ ਗੁਰੂ ਦੀ ਮੋਹਰ ਹੈ।
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਵੀ ਹਰ ਇੱਕ ਸਿੱਖ ਨੂੰ ਸਾਬਕ ਸੁਰਤ ਅਤੇ ਦਸਤਾਰ ਸਿਰ ਤੇ ਰੱਖਣ ਦੀ ਸਿੱਖਿਆ ਦਿੱਤੀ ਸੀ । ਕਦੇ ਉਹ ਹਰ ਮਹੀਨੇ ਸ੍ਰੀ ਦਰਬਾਰ ਸਾਹਿਬ ਜਾਣ ਬਾਰੇ ਤਰਕ ਦੇਕੇ ਆਪਣਾ ਵਿਸ਼ਵਾਸ਼ ਸਿੱਖ ਧਰਮ ਵੱਲ ਹੋਣ ਦਾ ਦਾਅਵਾ ਕਰਦਾ ਹੈ । ਪਰ ਉਹ ਮੱਥਾ ਟੇਕਣ ਦਾ ਮਤਲਬ ਹੀ ਭੁੱਲ ਗਿਆ,’ਆਪਣੀ ਮੱਤ ਤਿਆਗ ਗੁਰੂ ਦੀ ਮੱਤ ਲੈਣੀ’। ਗੁਰੂ ਦੀ ਮੱਤ ਦੁੱਖ-ਸੁੱਖ ਦੋਵਾਂ ਨੂੰ ਜ਼ਿੰਦਗੀ ਵਿੱਚ ਇੱਕ ਬਰਾਬਰ ਮੰਨਣਾ ਅਤੇ ਹਮੇਸ਼ਾ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਹੈ । ਕਦੇ ਉਹ ਬਾਗੇਸ਼ਵਰ ਧਾਮ ਦੇ ਬਾਬੇ ਧੀਰੇਂਦਰ ਸ਼ਾਸਤਰੀ ਦੇ ਚਮਤਕਾਰ ਨੂੰ ਦਰਬਾਰ ਸਾਹਿਬ ਵਿੱਚ ਰੋਗੀਆਂ ਦੇ ਦੂਰ ਹੋਣ ਵਾਲੇ ਰੋਗ ਨਾਲ ਜੋੜਦਾ ਹੈ । ਅਜਿਹੇ ਤਰਕਾਂ ਨਾਲ ਨਿੱਕੂ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ ।
ਨਿੱਕੂ ਕਹਿੰਦਾ ਹੈ ਮੇਰੇ ਫੈਨ ਸਾਰੇ ਧਰਮਾਂ ਵਿੱਚ ਹਨ,ਇਸ ਲਈ ਉਹ ਹਰ ਧਰਮ ਦੇ ਧਾਰਮਿਸ ਥਾਂ ਜਾਂਦਾ ਹੈ ਪਰ ਕਿਉਂ ਨਹੀਂ ਧਰੇਂਦਰ ਸ਼ਾਸਤਰੀ ਦੇ ਹਿੰਦੂ ਰਾਸ਼ਟਰ ਦੇ ਬਿਆਨ ‘ਤੇ ਖੁੱਲ ਕੇ ਕਿਉਂ ਨਹੀਂ ਬੋਲ ਦਾ ਹੈ। ਕਿਉਂ ਨਹੀਂ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’ ਦੇ ਸਿਧਾਂਤ ਬਾਰੇ ਦੱਸ ਦਾ ਹੈ । ਨਿੱਕੂ ਨੇ ਉਨ੍ਹਾਂ ਲੱਖਾਂ ਸਿੱਖਾਂ ਵਾਂਗ ਗੁਰੂ ਘਰ ਜਾਕੇ ਮੱਥਾ ਟੇਕਿਆ ਪਰ ਉਸ ਦੀ ਅਸਲੀ ਅਹਿਮੀਅਤ ਨਹੀਂ ਸਮਝੀ ਇਸੇ ਲਈ ਜਦੋਂ ਬਾਬਾ ਧੀਰੇਂਦਰ ਸ਼ਾਸਤਰੀ ਸਿੱਖਾਂ ਦੀ ਕੁਰਬਾਨੀ ਨੂੰ ਹਿੰਦੂ ਧਰਮ ਨਾਲ ਗਲਤ ਤਰੀਕੇ ਨਾਲ ਜੋੜ ਰਿਹਾ ਸੀ ਤਾਂ ਉਸ ਦੀ ਜ਼ਬਾਨ ਨਹੀਂ ਖੁਲੀ ਹਾਲਾਂਕਿ SGPC ਵੱਲੋਂ ਜਵਾਬ ਜ਼ਰੂਰ ਆਇਆ ਹੈ।
ਸਿਰਫ ਨਿੱਕੂ ਹੀ ਨਹੀਂ ਅਜਿਹੇ ਕਈ ਪੰਜਾਬੀ ਗਾਇਕ ਅਤੇ ਕਲਾਕਾਰ ਹਨ ਜੋ ਕਿਸੇ ਨਾ ਕਿਸੇ ਬਾਬੇ ਕੋਲ ਜਾਕੇ ਆਪਣੀ ਕਲਾਂ ਦੇ ਜ਼ਰੀਏ ਪੈਸੇ ਕਮਾਉਂਦੇ ਹਨ । ਪਰ ਹੱਥ ਅੱਡ ਦੇ ਜਿਸ ਤਰ੍ਹਾਂ ਨਾਲ ਨਿੱਕੂ ਨੇ ਹਰਕਤ ਕੀਤੀ ਹੈ ਉਸ ਨੂੰ ਲੈਕੇ ਲੋਕ ਸੋਸ਼ਲ ਮੀਡੀਆ ‘ਤੇ ਬਖਸ਼ਨ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਹਨ ।