Punjab Religion

ਸ਼ਹੀਦੀ ਸ਼ਤਾਬਦੀ ’ਤੇ ਗਾਣੇ ਗਾਉਣ ’ਤੇ ਗਾਇਕ ਬੀਰ ਸਿੰਘ ਨੇ ਮੰਗੀ ਮੁਆਫ਼ੀ

ਪੰਜਾਬੀ ਗਾਇਕ ਬੀਰ ਸਿੰਘ ਅਤੇ ਪੰਜਾਬ ਸਰਕਾਰ ਦਾ ਭਾਸ਼ਾ ਵਿਭਾਗ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀਨਗਰ ਵਿਖੇ ਆਯੋਜਿਤ ਸਮਾਗਮ ਨੂੰ ਲੈ ਕੇ ਵਿਵਾਦ ਵਿੱਚ ਘਿਰ ਗਏ ਹਨ। ਸਮਾਗਮ ਦੌਰਾਨ ਬੀਰ ਸਿੰਘ ਨੇ ਰੋਮਾਂਟਿਕ ਗੀਤ ਗਾਇਆ ਅਤੇ ਲੋਕਾਂ ਨੇ ਭੰਗੜਾ ਪਾਇਆ, ਜੋ ਇਸ ਧਾਰਮਿਕ ਮੌਕੇ ਦੀ ਪਵਿੱਤਰਤਾ ਦੇ ਵਿਰੁੱਧ ਸੀ।

ਇਸ ਮਾਮਲੇ ਤੇ ਹੁਣ ਪੰਜਾਬ ਗਾਇਕ ਬੀਰ ਸਿੰਘ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਕਿ “ਮੇਰੀ ਮੈਨੇਜਮੈਂਟ ਤੋਂ ਵੀ ਗ਼ਲਤੀ ਹੋਈ, ਸਮਾਗਮ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ, ਪੰਥ ਦੇ ਵਿਰੋਧ ‘ਚ ਮੈਂ ਕਦੇ ਵੀ ਕੋਈ ਗੱਲ ਨਹੀਂ ਕੀਤੀ।

ਬੀਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮੈਨੇਜਮੈਂਟ ਤੋਂ ਸਮਾਗਮ ਦੀ ਸਹੀ ਜਾਣਕਾਰੀ ਨਾ ਮਿਲਣ ਕਾਰਨ ਗਲਤੀ ਹੋਈ। ਉਨ੍ਹਾਂ ਨੇ ਆਪਣੀ ਮੈਨੇਜਮੈਂਟ ਨੂੰ ਬਰਖਾਸਤ ਕਰ ਦਿੱਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਸਪਸ਼ਟੀਕਰਨ ਭੇਜਿਆ।

ਬੀਰ ਸਿੰਘ ਨੇ ਕਿਹਾ ਕਿ ਉਹ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣਗੇ ਅਤੇ ਬਣਦੀ ਸੇਵਾ ਸਵੀਕਾਰ ਕਰਨਗੇ। ਉਨ੍ਹਾਂ ਨੇ ਕੇ ਕਿਹਾ ਕਿ ਉਹ ਸਿੱਖ ਪੰਥ ਦੇ ਵਿਰੋਧ ਵਿੱਚ ਕਦੇ ਕੁਝ ਨਹੀਂ ਕਰਨਗੇ।

SGPC ਦਾ ਇਤਰਾਜ਼

ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ‘ਤੇ ਸਿੱਖ ਭਾਈਚਾਰੇ ਨੇ ਸਖ਼ਤ ਇਤਰਾਜ਼ ਜਤਾਇਆ, ਜਿਸ ਨਾਲ ਸਿੱਖ ਜਥੇਬੰਦੀਆਂ ਹਰਕਤ ਵਿੱਚ ਆਈਆਂ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਮਾਗਮ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਨੇ ਗੁਰੂ ਸਾਹਿਬ ਦੀ ਸ਼ਹਾਦਤ ਦੀ ਭਾਵਨਾ ਦੇ ਵਿਰੁੱਧ ਪੇਸ਼ਕਾਰੀਆਂ ਕਰਕੇ ਗੁਰਮਤਿ ਮਰਿਆਦਾ ਅਤੇ ਸਿੱਖ ਵਿਚਾਰਧਾਰਾ ਨੂੰ ਗੰਭੀਰ ਸੱਟ ਮਾਰੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਸ਼ਵ ਧਾਰਮਿਕ ਇਤਿਹਾਸ ਵਿੱਚ ਅਨੁਪਮ ਹੈ, ਅਤੇ ਅਜਿਹੇ ਸਮਾਗਮ ਸਿੱਖ ਮਰਿਆਦਾ, ਸ਼ਰਧਾ ਅਤੇ ਗੁਰਬਾਣੀ ਦੇ ਸਤਿਕਾਰ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ।

ਧਾਮੀ ਨੇ ਕਿਹਾ ਕਿ ਸਰਕਾਰੀ ਅਦਾਰਿਆਂ ਲਈ ਗੁਰਮਤਿ ਮਰਿਆਦਾ ਦੀ ਪਾਲਣਾ ਔਖੀ ਹੈ, ਇਸ ਲਈ ਗੁਰਪੁਰਬ ਅਤੇ ਸ਼ਤਾਬਦੀਆਂ ਸਿੱਖ ਸੰਸਥਾਵਾਂ ਵੱਲੋਂ ਹੀ ਮਨਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਜਨਤਕ ਮੁਆਫੀ ਮੰਗਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ।

ਐਡਵੋਕੇਟ ਧਾਮੀ ਨੇ ਸਿੱਖ ਗੁਰਪੁਰਬਾਂ ਨੂੰ ਮਨੋਰੰਜਨਕ ਤਿਉਹਾਰਾਂ ਦੀ ਬਜਾਏ ਆਤਮਕ ਜਾਗਰੂਕਤਾ ਅਤੇ ਗੁਰਮਤਿ ਸਿਧਾਂਤਾਂ ਨੂੰ ਸਮਰਪਿਤ ਸਮਾਗਮ ਦੱਸਿਆ, ਜਿਨ੍ਹਾਂ ਵਿੱਚ ਸ਼ਬਦ ਕੀਰਤਨ, ਗੁਰਬਾਣੀ ਪਾਠ, ਸੇਵਾ ਅਤੇ ਸਿਮਰਨ ਸ਼ਾਮਲ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਸਿੱਖ ਧਰਮ ਦੀਆਂ ਪਵਿੱਤਰ ਪਰੰਪਰਾਵਾਂ ਨਾਲ ਬੇਅਦਬੀ ਸਹਿਣ ਨਹੀਂ ਕੀਤੀ ਜਾਵੇਗੀ।