India Punjab Religion

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਦੇ ਮਾਮਲੇ ‘ਚ ਸਿੰਧੀ ਸਮਾਜ ਨੇ ਮੰਗੀ ਮੁਆਫੀ

ਮੱਧ ਪ੍ਰਦੇਸ਼ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਣ ਦੇ ਮਾਮਲੇ ਵਿੱਚ ਹੁਣ ਸਿੰਧੀ ਭਾਈਚਾਰੇ ਨੇ ਮੁਆਫੀ ਮੰਗੀ ਹੈ। ਸਿੰਧੀ ਸਮਾਜ ਦੇ ਪ੍ਰਧਾਨ ਰਾਮੇਸ਼ ਖੱਤਰੀ ਨੇ ਕਿਹਾ ਕਿ ਪੂਰਾ ਸਿੰਧੀ ਸਮਾਜ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕੁਝ ਵੀ ਉਨ੍ਹਾਂ ਤੋਂ ਹੋਇਆ ਹੈ ਉਹ ਗਲਤੀ ਅਤੇ ਨਾਸਮਝੀ ਦੇ ਨਾਲ ਹੋਇਆ ਹੈ, ਅਸੀਂ ਜਾਣਬੁੱਝ ਕੇ ਇਹ ਸਭ ਨਹੀਂ ਕੀਤਾ।ਲ

ਸਿੰਧੀ ਸਮਾਜ ਨੇ ਕਿ ਉਹ ਹੱਥ ਜੋੜ ਕੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਦੀ ਭਾਵਨਾ ਨੂੰ ਠੇਸ ਪਾਹੁੰਚਾਉਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਗੁਰੂ ਘਰ ਜਾ ਕੇ ਵੀ ਮੁਆਫੀ ਮੰਗਣਗੇ।

ਕੀ ਸਾਰਾ ਮਾਮਲਾ

ਦੱਸ ਦਈਏ ਕਿ ਸ਼ੋਸਲ ਮੀਡੀਆ ’ਤੇ ਇੱਕ ਵੀਜੀਓ ਵਾਇਰਲ ਹੋ ਰਿਹਾ ਸੀ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਗੁਰੂ ਨਾਨਕ ਸਾਹਿਬ ਵਾਂਗ ਸਵਾਂਗ ਰਚਾਇਆ ਹੋਇਆ। ਵਾਇਰਲ ਹੋ ਰਿਹਾ ਵੀਡੀਓ ਮੱਧ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ ਨੇ ਆਪਣਾ ਇਤਰਾਜ ਜਾਹਿਰ ਕੀਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਤੇ ਇਤਰਾਜ ਜਾਹਿਰ ਕੀਤਾ ਸੀ। SGPC ਨੇ ਮਾਮਲੇ ਦੀ ਪੜਤਾਲ ਲਈ ਪ੍ਰਚਾਰਕਾਂ ਦੀ ਇੱਕ ਟੀਮ ਘਟਨਾ ਵਾਲੀ ਥਾਂ ਤੇ ਭੇਜੀ ਹੈ। ਇਹ ਟੀਮ ਇੱਕ ਰਿਪੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਦੇਵੇਗੀ। ਜਿਸ ਤੇ ਅੱਗੇ ਸਿੰਘ ਸਹਿਬਾਨ ਫੈਸਲਾ ਲੈਣਗੇ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਮੁੱਢਲੇ ਤੌਰ ਉਤੇ ਮਿਲੀ ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਵੀਡੀਓ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿਚ ਸਿੰਧੀ ਭਾਈਚਾਰੇ ਵੱਲੋਂ ਕੀਤੇ ਗਏ ਇਕ ਸਮਾਗਮ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਸਖ਼ਤ ਮਨਾਹੀ ਹੈ ਅਤੇ ਇਸ ਵੀਡੀਓ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਸੀ ਕਿ ਸਿੰਧੀ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਵੱਡੀ ਸ਼ਰਧਾ ਰੱਖਦਾ ਹੈ ਅਤੇ ਉਨ੍ਹਾਂ ਨਾਲ ਸਬੰਧਤ ਦਿਹਾੜਿਆਂ ਨੂੰ ਵੀ ਮਨਾਉਂਦਾ ਹੈ, ਪਰੰਤੂ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਮਰਿਆਦਾ ਦਾ ਖ਼ਿਆਲ ਰੱਖਣਾ ਸਾਰਿਆਂ ਲਈ ਬੇਹੱਦ ਜ਼ਰੂਰੀ ਹੈ। ਕਿਸੇ ਨੂੰ ਵੀ ਗੁਰੂ ਸਾਹਿਬਾਨ ਦੀ ਨਕਲ ਕਰਨ ਤੇ ਮਰਿਆਦਾ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਮੱਧ ਪ੍ਰਦੇਸ਼ ਵਿਖੇ ਚੱਲ ਰਹੇ ਸਿੱਖ ਮਿਸ਼ਨ ਓਜੈਨ ਦੇ ਪ੍ਰਚਾਰਕਾਂ ਨੂੰ ਪੜਤਾਲ ਕਰਕੇ ਮੁਕੰਮਲ ਰਿਪੋਰਟ ਦੇਣ ਲਈ ਕਿਹਾ ਗਿਆ ਹੈ, ਜਿਸ ਦੀ ਰਿਪੋਰਟ ਪ੍ਰਾਪਤ ਹੋਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ।