The Khalas Tv Blog Punjab ਬੀਜੇਪੀ ਦੇ ਸਾਰੇ ਦਾਅਵਿਆਂ ਨੂੰ ‘ਆਪ’ ਨੇ ਠੁਕਰਾਇਆ
Punjab

ਬੀਜੇਪੀ ਦੇ ਸਾਰੇ ਦਾਅਵਿਆਂ ਨੂੰ ‘ਆਪ’ ਨੇ ਠੁਕਰਾਇਆ

‘ਦ ਖ਼ਾਲਸ ਬਿਊਰੋ :- ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਦੇਣ ਦੇ ਭਾਜਪਾ ਦੇ ਦਾਅਵਿਆਂ ਨੂੰ ਸਰਾਸਰ ਝੂਠ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਅਸਲ ‘ਚ ‘ਆਪ’ ਦੀ ਵਧਦੀ ਲੋਕਪ੍ਰਿਅਤਾ ਨੇ ਭਾਜਪਾ ਨੂੰ ਬੇਚੈਨ ਕਰ ਦਿੱਤਾ ਅਤੇ ਉਹ ‘ਆਪ’ ਸਰਕਾਰ ਨੂੰ ਬਦਨਾਮ ਕਰਨ ਲਈ ਅਜਿਹੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ‘ਆਪ’ ਆਗੂ ਅਤੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਉਨ੍ਹਾਂ ਦੀ (ਆਪ) ਸਰਕਾਰ ਨਾ ਸਿਰਫ਼ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਰਹੀ ਹੈ, ਸਗੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਆਰਜ਼ੀ ਅਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਪੱਕੇ ਵੀ ਕਰ ਰਹੀ ਹੈ। ‘ਆਪ’ ਆਗੂ ਨੇ ਆਪਣੇ ਮੀਡੀਆ ਸੰਬੋਧਨ ‘ਚ ਦਾਅਵਾ ਕੀਤਾ ਕਿ ਪਿਛਲੇ 6 ਮਹੀਨਿਆਂ ‘ਚ ‘ਆਪ’ ਸਰਕਾਰ ਨੇ 17000 ਨਵੀਆਂ ਨੌਕਰੀਆਂ ਦਿੱਤੀਆਂ ਹਨ ਅਤੇ 9000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਨਖ਼ਾਹਾਂ ਨਾ ਦੇਣ ਦੇ ਦਾਅਵੇ ਬਿਲਕੁਲ ਹੀ ਗ਼ਲਤ ਹਨ ਕਿਉਂਕਿ ਸੀ ਅਤੇ ਡੀ ਜਮਾਤ ਦੀਆਂ ਤਨਖ਼ਾਹਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀ ਅੱਜ ਜਾਰੀ ਕਰ ਦਿੱਤੀਆਂ ਗਈਆਂ ਹਨ। ਚੱਢਾ ਨੇ ਕਿਹਾ, “ਪਰ ਮੈਂ ਭਾਜਪਾ ਨੂੰ ਪੁੱਛਣਾ ਚਾਹੁੰਦਾ ਹਾਂ, ਜਿਸ ਨੇ ਮਾਰਚ ਵਿੱਚ ਯੂਪੀ, ਉੱਤਰਾਖੰਡ ਅਤੇ ਗੋਆ ਵਿੱਚ ਸਾਡੇ ਨਾਲ ਸੱਤਾ ਵਿਚ ਆਏ, ਉਨ੍ਹਾਂ ਦੀਆਂ ਸਰਕਾਰਾਂ ਨੇ ਉਦੋਂ ਤੋਂ ਕਿੰਨੀਆਂ ਨੌਕਰੀਆਂ ਦਿੱਤੀਆਂ ਜਾਂ ਨਿਯਮਤ ਕੀਤੀਆਂ ਹਨ।” ਉਨ੍ਹਾਂ ਅੱਗੇ ਕਿਹਾ, “ਅਸੀਂ ਸਿੰਕਿੰਗ ਫੰਡ ਵਿੱਚ ਵੀ 5000 ਕਰੋੜ ਰੁਪਏ ਜਮਾਂ ਕਰਵਾਏ ਹਨ ਜੋ ਪੰਜਾਬ ਦੀਆਂ ਵਿੱਤੀ ਸਥਿਤੀਆਂ ਵਿੱਚ ਸੁਧਾਰ ਦਾ ਸਬੂਤ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਸਾਡੇ ਸੂਬੇ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਸੀਂ ਇਸ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਾਂ।”

ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਬਿਜਲੀ ਦੇ ਪੁਰਾਣੇ ਬਿੱਲ ਮੁਆਫ਼ ਕੀਤੇ ਅਤੇ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇ ਰਹੇ ਹਾਂ, ਸਿਹਤ ਅਤੇ ਸਿੱਖਿਆ ਖੇਤਰ ‘ਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ, ਆਮ ਆਦਮੀ ਕਲੀਨਿਕ ਰੋਜ਼ਾਨਾ ਹਜ਼ਾਰਾਂ ਮਰੀਜ਼ਾਂ ਦਾ ਮੁਫ਼ਤ ਇਲਾਜ ਕਰ ਰਹੇ ਹਨ ਅਤੇ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਸਮੇਤ ਹੋਰ ਬਹੁਤ ਸਾਰੇ ਲੋਕ-ਪੱਖੀ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਬੀਜੇਪੀ ਨੂੰ ਨੌਕਰੀਆਂ ਅਤੇ ਸਿੰਕਿੰਗ ਫੰਡ ਵਿੱਚ ਉਨ੍ਹਾਂ ਦੀਆਂ ਰਾਜ ਸਰਕਾਰਾਂ ਦੇ ਯੋਗਦਾਨ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਭਾਜਪਾ ਜਨਤਾ ਟੈਕਸ ਦੇ ਪੈਸੇ ਨਾਲ ਆਮ ਲੋਕਾਂ ਨੂੰ ਸਹੂਲਤ ਦੇਣ ਨੂੰ ‘ਮੁਫ਼ਤ ਰੇਵੜੀ’ ਆਖਦੀ ਹੈ ਪਰ ਯੂਪੀ, ਉੱਤਰਾਖੰਡ, ਗੋਆ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਨੇ ਆਪੋ-ਆਪਣੇ ਰਾਜ ‘ਤੇ ਕਰਜ਼ਾ ਵਧਾਉਣ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਕੀਤਾ ਅਤੇ ਨਾਂ ਹੀ ਲੋਕਾਂ ਨੂੰ ਕੋਈ ਸੁਵਿਧਾਵਾਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਭਾਜਪਾ ਸਿਰਫ ਵਿਧਾਇਕਾਂ ਨੂੰ ਖਰੀਦਣ ਅਤੇ ਸਰਕਾਰਾਂ ਨੂੰ ਡੇਗਣ ‘ਤੇ ਟੈਕਸ ਦਾ ਪੈਸਾ ਖਰਚ ਕਰਦੀ ਹੈ। ਪਹਿਲਾਂ ਦਿੱਲੀ ਅਤੇ ਹੁਣ ਪੰਜਾਬ ‘ਚ ‘ਆਪ’ ਸਰਕਾਰ ਦੇ ਲੋਕ ਭਲਾਈ ਦੇ ਕੰਮਾਂ ਨੂੰ ਦੇਖ ਕੇ ਦੂਜੇ ਸੂਬਿਆਂ ਦੇ ਲੋਕ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਭਾਜਪਾ, ਆਮ ਆਦਮੀ ਪਾਰਟੀ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਦੀ ਲੋਕਪ੍ਰਿਅਤਾ ਨੂੰ ਹਜ਼ਮ ਨਹੀਂ ਕਰ ਪਾ ਰਹੀ ਹੈ, ਇਸ ਲਈ ਉਹ ਹਰ ਰੋਜ਼ ‘ਆਪ’ ਪਾਰਟੀ ਵਿਰੁੱਧ ਝੂਠਾ ਅਤੇ ਕੂੜ ਪ੍ਰਚਾਰ ਕਰ ਰਹੇ ਹਨ। ਪਰ, ਲੋਕ ਉਨ੍ਹਾਂ ਦੇ ਪ੍ਰਾਪੇਗੰਡੇ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਸਿਰਫ ਜਨਤਾ ਦੇ ਵਿਕਾਸ ਲਈ ਕੰਮ ਕਰ ਰਹੀ ਸਿਆਸੀ ਪਾਰਟੀ ਦਾ ਹੀ ਸਮਰਥਨ ਕਰਨਗੇ।

Exit mobile version