Punjab Religion

ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ’ਤੇ ਸਿਮਰਨਜੀਤ ਸਿੰਘ ਮਾਨ ਨੇ ਪ੍ਰਗਟਾਇਆ ਡੂੰਘਾ ਪਸ਼ਚਾਤਾਪ

ਬਿਊਰੋ ਰਿਪੋਰਟ (ਅੰਮ੍ਰਿਤਸਰ, 2 ਫਰਵਰੀ 2026): ਬੀਤੇ ਦਿਨੀਂ ਵਿਆਹ ਸਮਾਗਮ ਦੌਰਾਨ ਮਨੁੱਖ ਉੱਪਰ ਚੌਰ ਸਾਹਿਬ ਕਰਨ ਅਤੇ ਛੱਤਰ ਝੁਲਾਉਣ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਗੋਵਿੰਦ ਸਿੰਘ ਸੰਧੂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜੇ। ਉਨ੍ਹਾਂ ਨੇ ਆਪਣੀ ਲਿਖਤੀ ਖ਼ਿਮਾ ਯਾਚਨਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੌਂਪਦਿਆਂ ਹੋਈ ਭੁੱਲ ਲਈ ਮੁਆਫ਼ੀ ਮੰਗੀ ਹੈ।

ਇਸ ਸਬੰਧੀ ਸ. ਸਿਮਰਨਜੀਤ ਸਿੰਘ ਮਾਨ ਨੇ ਫ਼ਤਹਿਗੜ੍ਹ ਸਾਹਿਬ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਉਸ ਦਿਨ ਮੌਕੇ ’ਤੇ ਮੌਜੂਦ ਨਹੀਂ ਸਨ, ਪਰ ਪਰਿਵਾਰ ਅਤੇ ਬੱਚਿਆਂ ਵੱਲੋਂ ਹੋਈ ਇਸ ‘ਬੱਜਰ ਗੁਸਤਾਖੀ’ ਲਈ ਉਹ ਖ਼ਾਲਸਾ ਪੰਥ ਤੋਂ ਆਤਮਿਕ ਤੌਰ ‘ਤੇ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਸਿੱਖ ਰਹਿਤ ਮਰਯਾਦਾ ਤੋਂ ਭਲੀ-ਭਾਂਤ ਜਾਣੂ ਹਨ ਅਤੇ ਜੇ ਉਹ ਉੱਥੇ ਹੁੰਦੇ ਤਾਂ ਬੱਚਿਆਂ ਨੂੰ ਅਜਿਹਾ ਕਰਨ ਤੋਂ ਹਰ ਕੀਮਤ ’ਤੇ ਵਰਜ ਦਿੰਦੇ।

ਸ. ਮਾਨ ਨੇ ਸੋਸ਼ਲ ਮੀਡੀਆ ’ਤੇ ਹੋ ਰਹੇ ਪ੍ਰਚਾਰ ਬਾਰੇ ਬੋਲਦਿਆਂ ਕਿਹਾ ਕਿ ਕੁਝ ਤਾਕਤਾਂ ਈਰਖਾ ਅਧੀਨ ਉਨ੍ਹਾਂ ਦੇ ਨਾਮ ਅਤੇ ਜਥੇਬੰਦੀ ਵਿਰੁੱਧ ਨਫ਼ਰਤ ਫੈਲਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਪ੍ਰਚਾਰ ਉਨ੍ਹਾਂ ਨੂੰ ਖ਼ਾਲਿਸਤਾਨ ਦੇ ਕੌਮੀ ਨਿਸ਼ਾਨੇ ਤੋਂ ਥਿੜਕਾ ਨਹੀਂ ਸਕੇਗਾ। ਉਨ੍ਹਾਂ ਨੇ ਸਮੁੱਚੇ ਪੰਥ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਤੋਂ ਹੋਈ ਗਲਤੀ ਨੂੰ ਮੁਆਫ਼ ਕਰਨ ਅਤੇ 12 ਫਰਵਰੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ ਮੌਕੇ ਫ਼ਤਹਿਗੜ੍ਹ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ।