Punjab

Sangrur Lok Sabha Result 2022 : ਸਿਮਰਨਜੀਤ ਸਿੰਘ ਮਾਨ ਨੇ ਜਿੱਤ ਕੀਤੀ ਹਾਸਲ,ਢਾਹ ਦਿੱਤੀ AAP ਦੀ ਰਾਜਧਾਨੀ, ਜਿੱਤ ਤੋਂ ਬਾਅਦ ਮਾਨ ਦਾ ਇਹ ਪਹਿਲਾ ਸੁਨੇਹਾ

‘ਦ ਖ਼ਾਲਸ ਬਿਊਰੋ :- ਸੰਗਰੂਰ ਜ਼ਿਮਨੀ ਚੋਣਾਂ ਦਾ ਨਤੀਜਾ ਆ ਗਿਆ ਹੈ। ਆਮ ਆਦਮੀ ਪਾਰਟੀ ਦੀ ਰਾਜਧਾਨੀ ਨੂੰ ਢਾਹ ਕੇ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕਰ ਲਈ ਹੈ। ਮਾਨ ਨੇ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਦੀਪ ਸਿੱਧੂ, ਸਿੱਧੂ ਮੂਸੇਵਾਲਾ ਦੀ ਸੋਚ ਦੀ ਜਿੱਤ ਹੋਈ ਹੈ। ਮਾਨ ਤੀਜੀ ਵਾਰ ਲੋਕਸਭਾ ਜਾਣਗੇ। ਇਸ ਤੋਂ ਪਹਿਲਾਂ ਸਾਲ 1999 ਵਿੱਚ ਸੰਗਰੂਰ ਹਲਕੇ ਤੋਂ ਹੀ ਮਾਨ ਨੇ ਅਖੀਰਲੀ ਵਾਰ ਜਿੱਤ ਹਾਸਲ ਕੀਤੀ ਸੀ। ਸਿਮਰਨਜੀਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਤਕਰੀਬਨ 8 ਹਜ਼ਾਰ   ਵੋਟਾਂ ਨਾਲ ਹਰਾ ਦਿੱਤਾ ਹੈ। ਸ਼ੁਰੂ ਤੋਂ ਹੀ ਸਿਮਰਜੀਤ ਸਿੰਘ ਮਾਨ ਗੁਰਮੇਲ ਸਿੰਘ ਤੋਂ ਅੱਗੇ ਚੱਲ ਰਹੇ ਸਨ।

ਸਿਮਰਨਜੀਤ ਸਿੰਘ ਮਾਨ ਨੂੰ 2,50,174 ਵੋਟਾਂ ਹਾਸਲ ਹੋਈਆਂ ਜਦਕਿ ਆਪ ਦੇ ਗੁਰਮੇਲ ਸਿੰਘ ਨੂੰ 2,43,122 ਵੋਟਾਂ ਮਿਲੀਆਂ। ਕਾਂਗਰਸ ਦੇ ਉਮੀਦਵਾਰ ਦਲਬੀਰ ਗੋਲਡੀ 78,844 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ ਜਦਕਿ ਬੀਜੇਪੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ 65,885 ਵੋਟਾਂ ਨਾਲ ਚੌਥੇ ਅਤੇ ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਨੂੰ 43,871 ਹਾਸਲ ਹੋਈਆਂ। ਗਿਣਤੀ ਦੌਰਾਨ ਸਿਰਫ਼ 2 ਮੌਕੇ ਅਜਿਹੇ ਆਏ ਸਨ, ਜਦੋਂ ਗੁਰਮੇਲ ਸਿੰਘ ਮਾਨ ਤੋਂ ਅੱਗੇ ਨਜ਼ਰ ਆਏ ਸਨ। ਤਿੰਨ ਮਹੀਨੇ ਪਹਿਲਾਂ ਵਿਧਾਨਸਭਾ ਚੋਣਾਂ ਵਿੱਚ ਸੰਗਰੂਰ ਲੋਕਸਭਾ ਹਲਕੇ ਅਧੀਨ ਆਉਣ ਵਾਲੀਆਂ 9 ਵਿਧਾਨਸਭਾ ਸੀਟਾਂ ਵਿੱਚ ਤਕਰੀਬਨ ਸਾਢੇ ਤਿੰਨ ਲੱਖ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਵਿੱਚ ਸੰਗਰੂਰ ਲੋਕ ਸਭਾ ਹਲਕੇ ਵਿੱਚ ਆਉਣ ਵਾਲੇ 2 ਵਿਧਾਨਸਭਾ ਹਲਕਿਆਂ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਵਿੱਚ ਇੱਕ ਹਲਕਾ ਮਲੇਰਕੋਟਲਾ ਸੀ ਜਦਕਿ ਦੂਜਾ ਹਲਕਾ ਕੈਬਨਿਟ ਮੰਤਰੀ ਹਰਪਾਲ ਚੀਮਾ ਦਾ ਦਿੜ੍ਹਬਾ ਸੀ। ਦੋਵਾਂ ਹਲਕਿਆਂ ਤੋਂ ਮਾਨ ਨੂੰ ਵੱਡੀ ਲੀਡ ਹਾਸਲ ਹੋਈ ਹੈ।

ਵੋਟਾਂ ਦੀ ਗਿਣਤੀ ਲਈ ਦੋ ਕੇਂਦਰ ਬਣਾਏ ਗਏ ਸਨ। ਇਸ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਅਤੇ 3 ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ ਵਿਚ ਕੀਤੀ ਗਈ। ਸੁਨਾਮ ਵਿੱਚ ਵੋਟਾਂ ਦਾ ਅੰਕੜਾ ਬੜਾ ਦਿਲਚਸਪ ਰਿਹਾ ਹੈ। ਜਿੱਥੋਂ ਤਿੰਨ ਮਹੀਨੇ ਪਹਿਲਾਂ ਆਪ ਵਿਧਾਇਕ ਅਮਨ ਅਰੋੜਾ 75 ਹਜ਼ਾਰ ਵੋਟਾਂ ਉੱਤੇ ਜਿੱਤੇ ਸਨ, ਉੱਥੇ ਅੱਜ ਆਪ ਦੀ ਲੀਡ ਸਿਰਫ਼ 1488 ਰਹਿ ਗਈ।

ਟਵਿੱਟਰ ਉੱਤੇ ਦੇਸ਼ ਭਰ ਵਿੱਚ ਸੰਗਰੂਰ ਅਤੇ ਪੰਜਾਬ Bypoll ਟਰੈਂਡ ਕੀਤਾ। ਪਹਿਲੇ ਨੰਬਰ ਉੱਤੇ ਸੰਗਰੂਰ ਅਤੇ ਦੂਜੇ ਨੰਬਰ ਉੱਤੇ ਪੰਜਾਬ ਟਰੈਂਡ ਕਰ ਰਿਹਾ ਸੀ। ਸਿਮਰਨਜੀਤ ਸਿੰਘ ਮਾਨ ਦਾ ਨਾਂ ਵੀ ਟਵਿੱਟਰ ਉੱਤੇ ਟਰੈਂਡ ਕੀਤਾ।

ਸੰਗਰੂਰ ਸੀਟ ‘ਤੇ 31 ਸਾਲ ਬਅਦ ਸਭ ਤੋਂ ਘੱਟ  45.50% ਵੋਟਿੰਗ ਹੋਈ ਹੈ। ਇਸ ਤੋਂ ਪਹਿਲਾਂ ਸਾਲ 1991 ਵਿੱਚ 10.9% ਵੋਟਿੰਗ ਹੋਈ ਸੀ। ਇਸ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਵਿੱਚ ਵੱਡੀ ਚਿੰਤਾ ਸੀ। ਖਾਸ ਕਰਕੇ ਭਗਵੰਤ ਮਾਨ ਦੀ ਜੋ ਲਗਾਤਾਰ 2 ਵਾਰ ਚੋਣ ਜਿੱਤ ਚੁੱਕੇ ਹਨ। ਸਾਲ 2014 ਵਿੱਚ  77.21% ਅਤੇ 2019 ਵਿੱਚ  72.40% ਵੋਟਿੰਗ ਹੋਈ ਸੀ, ਪਰ ਤੀਜੀ ਵਾਰ ਜਨਤਾ ਨੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਹੈ।