Punjab

CM ਮਾਨ ਨੇ ਰੇਡ ਕਰਕੇ 2828 ਏਕੜ ਜ਼ਮੀਨ ਦਾ ਕਬਜ਼ਾ ਛੁਡਾਇਆ,MP ਮਾਨ ਦੇ ਪੁੱਤਰ,ਧੀ ਤੇ ਜਵਾਈ ਦਾ ਵੀ ਸੀ ਕਬਜ਼ਾ

ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਨਾਂ ਵੀ ਪੰਚਾਇਤੀ ਜ਼ਮੀਨ ਹੜੱਪਨ ਵਿੱਚ ਸ਼ਾਮਲ

‘ਦ ਖ਼ਾਲਸ ਬਿਊਰੋ :- ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਛਡਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਪ ਗਰਾਊਂਡ ਜ਼ੀਰੋ ‘ਤੇ ਉੱਤਰੇ। ਚੰਡੀਗੜ੍ਹ ਨਾਲ ਲੱਗਦੇ ਮੁਲਾਂਪੁਰ ਵਿੱਚ 2 ਹਜ਼ਾਰ 822 ਏਕੜ ਗੈਰ ਕਾਨੂੰਨੀ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਇਆ ਗਿਆ ਹੈ। ਇਸ ਦੀ ਕੀਮਤ 300 ਕਰੋੜ ਦੀ ਦੱਸੀ ਜਾ ਰਹੀ ਹੈ।

ਮੁੱਖ ਮੰਤਰੀ ਦੇ ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ। ਕਬਜ਼ਾ ਛਡਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਜ਼ਮੀਨ ‘ਤੇ 15 ਲੋਕਾਂ ਦਾ ਗੈਰ ਕਾਨੂੰਨੀ ਕਬਜ਼ਾ ਸੀ, ਜਿਸ ਵਿੱਚ ਐੱਮਪੀ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਵੀ ਸ਼ਾਮਲ ਹਨ। ਉਨ੍ਹਾਂ ਨੇ 125 ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਸੀ। ਇਸ ਤੋਂ ਇਲਾਵਾ MP ਮਾਨ ਦੀ ਧੀ,ਜਵਾਈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਦਾ ਨਾਂ ਵੀ ਸ਼ਾਮਲ ਹੈ।

ਇਨ੍ਹਾਂ ਲੋਕਾਂ ਨੇ ਕੀਤਾ ਸੀ ਪੰਚਾਇਤੀ ਜ਼ਮੀਨ ‘ਤੇ ਕਬਜ਼ਾ

ਫੌਜਾ ਸਿੰਘ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਨੇ ਸਭ ਤੋਂ ਵੱਧ 1100 ਏਕੜ ‘ਤੇ ਕਬਜ਼ਾ ਕੀਤਾ ਸੀ ਜਦਕਿ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਨੇ 125, ਅੰਕੁਰ ਧਵਨ ਨੇ 103 ਏਕੜ, ਜਤਿੰਦਰ ਸਿੰਘ ਦੂਆ ਨੇ 40, ਪ੍ਰਭਦੀਪ ਸਿੰਘ ਸੰਧੂ,ਗੋਬਿੰਦ ਸੰਧੂ,ਨਾਨਕੀ ਕੌਰ ਇਹ ਸਿਮਰਨਜੀਤ ਸਿੰਘ ਮਾਨ ਦੇ ਧੀ ਅਤੇ ਜਵਾਈ ਨੇ ਜਿਨ੍ਹਾਂ ਨੇ 28 ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਸੀ,ਇਸ ਤੋਂ ਇਲਾਵਾ ਰਿਪੁਦਮਨ ਸਿੰਘ ਨੇ 25 ਏਕੜ,ਨਵਦੀਪ ਕੌਰ ਨੇ 15 ਏਕੜ, ਦੀਪਕ ਬਾਂਸਲ ਨੇ 12 ਏਕੜ,ਤੇਜਵੀਰ ਸਿੰਘ ਢਿੱਲੋਂ ਨੇ 10, ਇੰਦਰਜੀਤ ਸਿੰਘ ਢਿੱਲੋ 8, ਸੰਦੀਪ ਬਾਂਸਲ ਨੇ 6 ਅਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਹਰਮਨਦੀਪ ਸਿੰਘ ਧਾਲੀਵਾਲ ਨੇ 5 ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਸੀ।

ਭਾਸਕਰ ਵਿੱਚ ਛਪੀ ਰਿਪੋਰਟ ਦੇ ਮੁਤਾਬਿਕ ਪੰਜਾਬ ਸਰਕਾਰ ਹੁਣ ਤੱਕ 9053 ਏਕੜ ਜ਼ਮੀਨ ‘ਤੇ ਕਬਜ਼ਾ ਛਡਾਉਣ ਦਾ ਦਾਅਵਾ ਕਰ ਰਹੀ ਹੈ। ਸ਼ੁੱਕਵਾਰ ਨੂੰ ਛੁਡਾਈ ਗਈ ਜ਼ਮੀਨ ਵਿੱਚ 250 ਏਕੜ ਜ਼ਮੀਨ ਮੈਦਾਨੀ ਇਲਾਕਾ ਸੀ ਜਦਕਿ 2500 ਏਕੜ ਪਹਾੜੀ ਇਲਾਕਾ,ਇੱਕ ਸਖ਼ਸ ਤੋਂ 1100 ਏਕੜ ਜ਼ਮੀਨ ਛੁਡਾਈ ਗਈ ਹੈ।

ਅਦਾਲਤ ਨੇ ਇਸ ਦਾ ਫੈਸਲਾ ਸਰਕਾਰ ਦੇ ਹੱਕ ਵਿੱਚ ਸੁਣਾਇਆ ਸੀ। ਰੇਡ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਲਾਸਾ ਕੀਤਾ ਕਿ ਗੈਰ ਕਾਨੂੰਨੀ ਕਬਜ਼ੇ ਦੇ ਬਾਹਰ ਲੱਗੇ ਗੇਟ ਤੋੜੇ ਗਏ ਅਤੇ ਇੰਨਾਂ ਜ਼ਮੀਨਾਂ ‘ਤੇ ਸਰਕਾਰੀ ਜ਼ਮੀਨ ਦਾ ਬੋਰਡ ਲਗਾਇਆ ਗਿਆ। ਉਨ੍ਹਾਂ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੋ ਵੀ ਗੈਰ ਕਾਨੂੰਨੀ ਜ਼ਮੀਨ ‘ਤੇ ਕਬਜ਼ਾ ਕਰੇਗਾ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।